2050 ਤੱਕ ਭਾਰਤ ''ਚ 34 ਕਰੋੜ ਤੋਂ ਵੱਧ ਹੋਣਗੇ ਬਜ਼ੁਰਗ, ਕਈ ਚੁਣੌਤੀਆਂ ਹੋਣਗੀਆਂ ਸਾਹਮਣੇ
Sunday, Jul 21, 2024 - 05:14 PM (IST)
ਨਵੀਂ ਦਿੱਲੀ (ਭਾਸ਼ਾ)- ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਭਾਰਤ ਇਕਾਈ 'ਯੂਐੱਨਐੱਫਪੀਏ-ਇੰਡੀਆ' ਦੀ ਮੁਖੀ ਐਂਡਰੀਆ ਵੋਜਨਾਰ ਨੇ ਕਿਹਾ ਹੈ ਕਿ ਭਾਰਤ ਦੀ ਬਜ਼ੁਰਗ ਆਬਾਦੀ 2050 ਤੱਕ ਦੁੱਗਣੀ ਹੋਣ ਦੀ ਸੰਭਾਵਨਾ ਹੈ ਅਤੇ ਦੇਸ਼ 'ਚ ਖ਼ਾਸ ਕਰ ਕੇ ਉਨ੍ਹਾਂ ਬੁਜ਼ਰਗ ਔਰਤਾਂ ਲਈ ਸਿਹਤ ਸੇਵਾ, ਘਰ ਅਤੇ ਪੈਨਸ਼ਨ 'ਚ ਵੱਧ ਨਿਵੇਸ਼ ਕੀਤੇ ਜਾਣ ਦੀ ਲੋੜ ਹੈ, ਜਿਨ੍ਹਾਂ ਦੇ ਇਕੱਲੇ ਰਹਿਣ ਜਾਣ ਅਤੇ ਗਰੀਬੀ ਦਾ ਸਾਹਮਣਾ ਕਰਨ ਦਾ ਵੱਧ ਖ਼ਦਸ਼ਾ ਹੈ।'' ਯੂ.ਐੱਨ.ਐੱਫ.ਪੀ.ਏ.-ਇੰਡੀਆ ਦੀ 'ਰੇਜੀਡੈਂਟ' ਪ੍ਰਤੀਨਿਧੀ ਵੋਜਨਾਰ ਨੇ ਵਿਸ਼ਵ ਆਬਾਦੀ ਦਿਵਸ (11 ਜੁਲਾਈ) ਦੇ ਕੁਝ ਦਿਨਾਂ ਬਾਅਦ ਤੋਂ ਇਕ ਇੰਟਰਵਿਊ 'ਚ ਜਨਸੰਖਿਆ ਦੇ ਉਨ੍ਹਾਂ ਮੁੱਖ ਰੁਝਾਨਾਂ ਨੂੰ ਰੇਖਾਂਕਿਤ ਕੀਤਾ, ਜਿਨ੍ਹਾਂ ਨੂੰ ਭਾਰਤ ਟਿਕਾਊ ਵਿਕਾਸ 'ਚ ਤੇਜ਼ੀ ਲਿਆਉਣ ਲਈ ਪਹਿਲ ਦੇ ਰਿਹਾ ਹੈ। ਇਨ੍ਹਾਂ 'ਚ ਨੌਜਵਾਨ ਆਬਾਦੀ, ਬੁਢਾਪਾ ਜਨਸੰਖਿਆ, ਸ਼ਹਿਰੀਕਰਨ, ਪ੍ਰਵਾਸਨ ਅਤੇ ਜਲਵਾਯੂ ਅਨੁਸਾਰ ਤਬਦੀਲੀ ਕਰਨਾ ਸ਼ਾਮਲ ਹੈ। ਇਹ ਕਾਰਕ ਸਾਰੇ ਦੇਸ਼ ਲਈ ਅਨੋਖੀਆਂ ਚੁਣੌਤੀਆਂ ਅਤੇ ਮੌਕੇ ਪੇਸ਼ ਕਰਦੇ ਹਨ। ਵੋਜਨਾਰ ਨੇ ਕਿਹਾ ਕਿ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗਿਣਤੀ 2050 ਤੱਕ ਦੁੱਗਣੀ ਹੋ ਕੇ 34 ਕਰੋੜ 60 ਲੱਖ ਹੋਣ ਦਾ ਅਨੁਮਾਨ ਹੈ, ਇਸ ਲਈ ਸਿਹਤ ਸੇਵਾ, ਰਿਹਾਇਸ਼ ਅਤੇ ਪੈਨਸ਼ਨ ਯੋਜਨਾਵਾਂ 'ਚ ਨਿਵੇਸ਼ ਵਧਾਉਣ ਦੀ ਸਖ਼ਤ ਲੋੜ ਹੈ।
ਉਨ੍ਹਾਂ ਕਿਹਾ,''...ਖ਼ਾਸ ਕਰ ਕੇ ਬਜ਼ੁਰਗ ਔਰਤਾਂ ਲਈ ਅਜਿਹਾ ਕਰਨਾ ਜ਼ਰੂਰੀ ਹੈ, ਜਿਨ੍ਹਾਂ ਦੇ ਇਕੱਲੇ ਰਹਿਣ ਅਤੇ ਗਰੀਬੀ ਦਾ ਸਾਹਮਣਾ ਕਰਨ ਦਾ ਵੱਧ ਖ਼ਦਸ਼ਾ ਹੈ।'' 'ਯੂ.ਐੱਨ.ਐੱਫ.ਪੀ.ਏ.-ਇੰਡੀਆ' ਮੁਖੀ ਨੇ ਕਿਹਾ ਕਿ ਭਾਰਤ 'ਚ ਨੌਜਵਾਨ ਆਬਾਦੀ ਕਾਫ਼ੀ ਹੈ ਅਤੇ 10 ਤੋਂ 19 ਸਾਲ ਦੀ ਉਮਰ ਦੇ 25 ਕਰੋੜ 20 ਲੱਖ ਲੋਕ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਲਿੰਗ ਸਮਾਨਤਾ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ ਸਿਹਤ, ਸਿੱਖਿਆ, ਨੌਕਰੀ ਲਈ ਸਿਖਲਾਈ ਅਤੇ ਰੁਜ਼ਗਾਰ ਸਿਰਜਣ 'ਚ ਨਿਵੇਸ਼ ਕਰਨ ਨਾਲ ਜਨਸੰਖਿਅਕ ਸਮਰੱਥਾ ਦਾ ਲਾਭ ਚੁੱਕਿਆ ਜਾ ਸਕਦਾ ਹੈ ਅਤੇ ਦੇਸ਼ ਨੂੰ ਟਿਕਾਊ ਵਿਕਾਸ ਵੱਲ ਵਧਾਇਆ ਜਾ ਸਕਦਾ ਹੈ। ਵੋਜਨਾਰ ਨੇ ਕਿਹਾ,''ਭਾਰਤ 'ਚ 2050 ਤੱਕ 50 ਫ਼ੀਸਦੀ ਸ਼ਹਿਰੀ ਆਬਾਦੀ ਹੋਣ ਦਾ ਅਨੁਮਾਨ ਹੈ, ਇਸ ਲਈ ਝੁੱਗੀ ਬਸਤੀਆਂ ਦਾ ਵਾਧਾ, ਹਵਾ ਪ੍ਰਦੂਸ਼ਣ ਅਤੇ ਕਿਫਾਇਤੀ ਘਰ ਦਾ ਨਿਰਮਾਣ ਮਹੱਤਵਪੂਰਨ ਹੈ।'' ਉਨ੍ਹਾਂ ਕਿਹਾ,''ਸ਼ਹਿਰੀ ਯੋਜਨਾਵਾਂ 'ਚ ਔਰਤਾਂ ਦੀ ਸੁਰੱਖਿਆ ਸੰਬੰਧੀ ਜ਼ਰੂਰਤਾਂ, ਸਿਹਤ ਦੇਖਭਾਲ ਅਤੇ ਸਿੱਖਿਆ ਤੇ ਨੌਕਰੀਆਂ ਤੱਕ ਪਹੁੰਚ ਨੂੰ ਵੀ ਧਿਆਨ 'ਚ ਰੱਖਿਆ ਜਾਣਾ ਚਾਹੀਦਾ ਤਾਂ ਕਿ ਲਿੰਗ ਸਮਾਨਤਾ ਨੂੰ ਬੜ੍ਹਾਤਾ ਦਿੱਤਾ ਜਾ ਸਕੇ ਅਤੇ ਜੀਵਨ ਦੀ ਸਮੁੱਚੀ ਗੁਣਵੱਤਾ 'ਚ ਸੁਧਾਰ ਹੋ ਸਕੇ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e