ਅਯੁੱਧਿਆ 'ਚ ਬੱਸ ਪਲਟਣ ਨਾਲ 2 ਯਾਤਰੀਆਂ ਦੀ ਮੌਤ, CM ਯੋਗੀ ਨੇ ਕੀਤਾ ਮਦਦ ਰਾਸ਼ੀ ਦਾ ਐਲਾਨ
Tuesday, Apr 05, 2022 - 12:16 PM (IST)
ਅਯੁੱਧਿਆ (ਵਾਰਤਾ)- ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਸੋਮਵਾਰ ਦੇਰ ਰਾਤ ਦਿੱਲੀ ਤੋਂ ਬਾਂਸੀ ਹੁੰਦੇ ਹੋਏ ਸਿਧਾਰਥਨਗਰ ਜਾ ਰਹੀ ਇਕ ਪ੍ਰਾਈਵੇਟ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ 'ਚ ਸਵਾਰ 2 ਯਾਤਰੀਆਂ ਦੀ ਮੌਤ ਹੋ ਗਈ ਅਤੇ ਦਰਜਨ ਭਰ ਤੋਂ ਵਧ ਯਾਤਰੀ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੰਗਲਵਾਰ ਨੂੰ ਇਸ ਹਾਦਸੇ 'ਤੇ ਦੁਖ਼ ਜ਼ਾਹਰ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦਿੱਲੀ ਤੋਂ ਸਿਧਾਰਥਨਗਰ ਜਾ ਰਹੀ ਬੱਸ ਅਯੁੱਧਿਆ 'ਚ ਮੁਮਤਾਜ ਨਗਰ ਫਲਾਈਓਵਰ 'ਤੇ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ 'ਚ 2 ਯਾਤਰੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 20 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਅਯੁੱਧਿਆ ਦੇ ਜ਼ਿਲ੍ਹਾ ਅਧਿਕਾਰੀ ਅਤੇ ਸੀਨੀਅਰ ਪੁਲਸ ਸੁਪਰਡੈਂਟ ਮੌਕੇ 'ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਨਿਗਰਾਨੀ 'ਚ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਇਸ ਵਿਚ ਮੁੱਖ ਮੰਤਰੀ ਯੋਗੀ ਨੇ ਅਯੁੱਧਿਆ 'ਚ ਹੋਏ ਸੜਕ ਹਾਦਸੇ 'ਚ 2 ਲੋਕਾਂ ਦੀ ਮੌਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਮੁੱਖ ਮੰਤੀ ਦਫ਼ਤਰ ਵਲੋਂ ਲਖਨਊ 'ਚ ਜਾਰੀ ਬਿਆਨ ਅਨੁਸਾਰ ਯੋਗੀ ਨੇ ਮ੍ਰਿਤਕਾਂ ਦੇ ਸੋਗ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਨੇ ਹਾਦਸੇ 'ਚ ਜ਼ਖ਼ਮੀ ਯਾਤਰੀਆਂ ਦਾ ਉੱਚਿਤ ਇਲਾਜ ਕਰਵਾਉਣ ਦੇ ਨਿਰਦੇਸ਼ ਦਿੰਦੇ ਹੋਏ ਮ੍ਰਿਤਕ ਯਾਤਰੀਆਂ ਦੇ ਪਰਿਵਾਰਾਂ ਦੇ 2-2 ਲੱਖ ਰੁਪਏ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।