ਅਨੋਖਾ ਮਾਮਲਾ: ਬਾਂਦਰ ਨੂੰ ਕੁਚਲਣ ਦੇ ਦੋਸ਼ ’ਚ ਬੱਸ ਡਰਾਈਵਰ ਨੂੰ ਲੱਗਾ ਲੱਖਾਂ ਦਾ ਜੁਰਮਾਨਾ

Wednesday, Nov 03, 2021 - 11:25 AM (IST)

ਅਨੋਖਾ ਮਾਮਲਾ: ਬਾਂਦਰ ਨੂੰ ਕੁਚਲਣ ਦੇ ਦੋਸ਼ ’ਚ ਬੱਸ ਡਰਾਈਵਰ ਨੂੰ ਲੱਗਾ ਲੱਖਾਂ ਦਾ ਜੁਰਮਾਨਾ

ਲਖੀਮਪੁਰ ਖੀਰੀ— ਉੱਤਰ ਪ੍ਰਦੇਸ਼ ’ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ, ਜਿੱਥੇ ਇਕ ਬੱਸ ਡਰਾਈਵਰ ਵਲੋਂ ਬਾਂਦਰ ਨੂੰ ਕੁਚਲਣ ਦੇ ਦੋਸ਼ ’ਚ ਮੋਟਾ ਜੁਰਮਾਨਾ ਲਾਇਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਦੁਧਵਾ ਟਾਈਗਰ ਰਿਜ਼ਰਵ (ਡੀ. ਟੀ. ਆਰ.) ਦੇ ਕੋਰ ਜੰਗਲੀ ਖੇਤਰ ’ਚ ਬੱਸ ਡਰਾਈਵਰ ਨੇ ਇਕ ਬਾਂਦਰ ਨੂੰ ਕੁਚਲ ਦਿੱਤਾ, ਜਿਸ ਦੇ ਦੋਸ਼ ’ਚ ਢਾਈ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਜੰਗਲ ਅਧਿਕਾਰੀਆਂ ਨੇ ਕਿਹਾ ਕਿ ਡਰਾਈਵਰ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਬੱਸ ਨੂੰ ਜ਼ਬਤ ਕਰ ਲਿਆ ਗਿਆ। ਬੱਸ ਮਾਲਕ ਵਲੋਂ ਜੁਰਮਾਨਾ ਭਰਨ ਮਗਰੋਂ ਹੀ ਵਾਹਨ ਨੂੰ ਛੱਡਿਆ ਗਿਆ।

ਅਧਿਕਾਰੀ ਨੇ ਦੱਸਿਆ ਕਿ ਇਹ ਬੱਸ ਇਕ ਸਥਾਨਕ ਟਰਾਂਸਪੋਰਟਰ ਦੀ ਹੈ ਅਤੇ ਇਹ ਦਿਨ ’ਚ ਕਈ ਵਾਰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਾਲੀਆ ਅਤੇ ਗੋਲਾ ਕਸਬਿਆਂ ਵਿਚਕਾਰ ਚੱਲਦੀ ਹੈ। ਰੇਂਜ ਅਧਿਕਾਰੀ ਮਨੋਜ ਕਸ਼ਯਪ ਨੇ ਕਿਹਾ ਕਿ ਇਹ ਸਿਰਫ਼ ਜੁਰਮਾਨੇ ਦੀ ਵਿਵਸਥਾ ਹੈ ਕਿਉਂਕਿ ਹਾਦਸਾ ਇਕ ਸੂਬਾ ਹਾਈਵੇਅ ’ਤੇ ਹੋਇਆ ਸੀ ਅਤੇ ਜੰਗਲੀ ਜਾਨਵਰ ਸ਼ੈਡਿਊਲ-1 ਅਧੀਨ ਨਹੀਂ ਆਉਂਦੇ ਸਨ। ਨਹੀਂ ਤਾਂ ਅਸੀਂ ਡਰਾਈਵਰ ਨੂੰ ਗਿ੍ਰਫ਼ਤਾਰ ਕਰ ਕੇ ਜੇਲ੍ਹ ਭੇਜ ਦਿੰਦੇ। 
ਜਾਣਕਾਰੀ ਮੁਤਾਬਕ ਬੱਸ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ, ਜਿੱਥੇ ਇਜਾਜ਼ਤ ਸੀਮਾ 40 ਕਿਲੋਮੀਟਰ ਪ੍ਰਤੀ ਘੰਟਾ ਹੈ। ਆਮ ਤੌਰ ’ਤੇ ਚੈੱਕ ਪੋਸਟਾਂ ’ਤੇ ਤਾਇਨਾਤ ਕਰਮਚਾਰੀ ਜੰਗਲ ’ਚੋਂ ਲੰਘਣ ਵਾਲੇ ਵਾਹਨਾਂ ’ਤੇ ਨਜ਼ਰ ਰੱਖਦੇ ਹਨ। ਟਰੱਕਾਂ ਅਤੇ ਬੱਸਾਂ ਵਰਗੇ ਭਾਰੀ ਵਾਹਨਾਂ ਨੂੰ ਐਂਟਰੀ ਪੁਆਇੰਟ ’ਤੇ ਕਾਗਜ਼ੀ ਪਰਚੀ ਜਾਰੀ ਕੀਤੀ ਜਾਂਦੀ ਹੈ। ਫਿਰ ਡਰਾਈਵਰਾਂ ਨੂੰ 22 ਮਿੰਟਾਂ ਦੇ ਅੰਦਰ ਜੰਗਲ ਪਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਹਰ ਵਾਹਨ ਦੀ ਸਪੀਡ ’ਤੇ ਨਜ਼ਰ ਰੱਖੀ ਜਾ ਸਕਦੀ ਹੈ। 

ਇਸ ਤੋਂ ਪਹਿਲਾਂ ਵੀ ਲੱਗ ਚੁੱਕਾ ਮੋਟਾ ਜੁਰਮਾਨਾ—
ਦੱਸ ਦੇਈਏ ਕਿ ਜੁਲਾਈ 2020 ’ਚ ਗੁਜਰਾਤ ਦੀ ਇਕ ਸੈਲਾਨੀ ਬੱਸ ਕੰਪਨੀ ’ਤੇ ਉਸੇ ਰੇਂਜ ’ਚ ਇਕ ਹਿਰਨ ਨੂੰ ਕੁਚਲਣ ਦੇ ਦੋਸ਼ ’ਚ 4.5 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਬਾਂਦਰ ਨੂੰ ਕੁਚਲਣ ਲਈ ਦਿੱਲੀ ਜਾਣ ਵਾਲੇ ਇਕ ਟੈਂਪੂ ਯਾਤਰੀ ’ਤੇ 2 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। 


author

Tanu

Content Editor

Related News