ਹੈਰਾਨੀਜਨਕ ਮਾਮਲਾ: ਜੰਗਲ 'ਚੋਂ ਮਿਲੀਆਂ ਔਰਤ ਅਤੇ ਦੋ ਬੱਚਿਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ
Thursday, Apr 06, 2023 - 02:06 PM (IST)

ਰਾਂਚੀ- ਝਾਰਖੰਡ ਦੇ ਰਾਂਚੀ ਜ਼ਿਲ੍ਹੇ 'ਚ ਜੰਗਲਾਂ 'ਚੋਂ ਇਕ ਔਰਤ ਅਤੇ ਉਸ ਦੇ ਦੋ ਬੱਚਿਆਂ ਦੀ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸਿਲਸਿਲੇ 'ਚ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡਿਪਟੀ ਸੁਪਰਡੈਂਟ ਆਫ ਪੁਲਸ ਅਨਿਮੇਸ਼ ਨੈਥਾਨੀ ਨੇ ਦੱਸਿਆ ਕਿ ਬੁੱਧਵਾਰ ਨੂੰ ਇੱਥੋਂ ਕਰੀਬ 30 ਕਿਲੋਮੀਟਰ ਦੂਰ ਠਾਕੁਰਗਾਓਂ ਥਾਣਾ ਖੇਤਰ ਦੇ ਜੰਗਲਾਂ 'ਚ ਇਕ ਔਰਤ ਅਤੇ ਉਸ ਦੇ ਦੋ ਪੁੱਤਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ।
ਇਹ ਵੀ ਪੜ੍ਹੋ- ਇਕ ਪਲ 'ਚ ਤਿੰਨ ਭਰਾਵਾਂ ਦੀ ਮੌਤ, ਪਰਿਵਾਰ 'ਚ ਵਿਛੇ ਸੱਥਰ, ਮਹੀਨੇ ਬਾਅਦ ਹੋਣਾ ਸੀ ਇਕ ਦਾ ਵਿਆਹ
ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਦੀ ਪਛਾਣ ਰਾਮਗੜ੍ਹ ਜ਼ਿਲ੍ਹੇ ਦੇ ਬਸਾਲ ਥਾਣਾ ਖੇਤਰ ਦੇ ਰਸਦਾ ਖੇਤਰ ਦੀ ਮਮਤਾ ਦੇਵੀ (25), ਉਸ ਦੇ ਪੁੱਤਾਂ- ਆਰੀਅਨ (8) ਅਤੇ ਯਸ਼ਰਾਜ (4) ਵਜੋਂ ਹੋਈ ਹੈ ਅਤੇ ਇਸ ਮਾਮਲੇ ਵਿਚ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨੈਥਾਨੀ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਨ੍ਹਾਂ ਲੋਕਾਂ ਨੂੰ ਅੱਗ ਲਾਉਣ ਤੋਂ ਪਹਿਲਾਂ ਮਾਰ ਤਾਂ ਨਹੀਂ ਦਿੱਤਾ ਗਿਆ ਸੀ। ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੋਂ ਨਮੂਨੇ ਲਏ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਤੋਹਫ਼ੇ 'ਚ ਮਿਲੇ ਹੋਮ ਥੀਏਟਰ 'ਚ ਜ਼ਬਰਦਸਤ ਧਮਾਕਾ; ਲਾੜੇ ਦੀ ਮੌਤ, 3 ਦਿਨ ਪਹਿਲਾਂ ਹੋਇਆ ਸੀ ਵਿਆਹ
ਪੁਲਸ ਮੁਤਾਬਕ ਔਰਤ ਦੇ ਪਤੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਦੋ ਪੁੱਤਾਂ ਨਾਲ 3 ਅਪ੍ਰੈਲ ਨੂੰ ਲਾਤੇਹਾਰ ਜ਼ਿਲ੍ਹੇ ਦੇ ਬਾਲੂਮਾਠ ਸਥਿਤ ਆਪਣੇ ਪੇਕੇ ਲਈ ਘਰੋਂ ਨਿਕਲੀ ਸੀ, ਉਦੋਂ ਤੋਂ ਹੀ ਉਹ ਲਾਪਤਾ ਹਨ। ਪੁਲਸ ਮੁਤਾਬਕ ਉਸ ਨੇ ਬਾਸਲ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਨੈਥਾਨੀ ਨੇ ਕਿਹਾ ਕਿ ਸ਼ੁਰੂਆਤੀ ਪੁੱਛ-ਗਿੱਛ ਵਿਚ ਅਸੀਂ ਵੇਖਿਆ ਕਿ ਪਤਨੀ ਅਤੇ ਪਤੀ ਵਿਚਾਲੇ ਕੁਝ ਵਿਵਾਦ ਸਨ। ਪਤਨੀ ਦੇ ਘਰ ਛੱਡਣ ਤੋਂ ਪਹਿਲਾਂ ਉਨ੍ਹਾਂ ਵਿਚਾਲੇ ਝਗੜਾ ਹੋਇਆ ਸੀ। ਇਸ ਲਈ ਪਤੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਿੱਕਮ ਹਾਦਸਾ; ਬਰਫ਼ ਹੇਠਾਂ ਫਸੇ ਸੈਲਾਨੀਆਂ ਦੀ ਭਾਲ ਜਾਰੀ, ਹੁਣ ਤੱਕ 7 ਲੋਕਾਂ ਦੀ ਮੌਤ