ਨਸ਼ੇ ਵਾਲੀਆਂ ਗੋਲੀਆਂ ਤੇ ਹੈਰੋਇਨ ਬਰਾਮਦ, ਔਰਤ ਸਮੇਤ 4 ਕਾਬੂ
Monday, May 12, 2025 - 02:31 PM (IST)

ਭੀਖੀ (ਤਾਇਲ) : ਥਾਣਾ ਭੀਖੀ ਦੇ ਮੁਖੀ ਸੁਖਜੀਤ ਸਿੰਘ ਦੀ ਰਹਿਨੁਮਾਈ ਹੇਠ ਪੁਲਸ ਨੇ ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸਥਾਨਕ ਦਾਣਾ ਮੰਡੀ ਤੋਂ ਅਮਨਦੀਪ ਸਿੰਘ ਉਰਫ਼ ਸੂਰਜ ਪੁੱਤਰ ਬਲਵਿੰਦਰ ਸਿੰਘ ਵਾਸੀ ਭੁੱਚੋ ਮੰਡੀ ਹਾਲ ਅਬਾਦ ਸ਼ੀਟਾਂਵਾਲੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 50 ਨਸ਼ੇ ਵਾਲੀਆਂ ਗੋਲੀਆਂ ਅਤੇ ਕੰਮੋ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਭੀਖੀ ਨੂੰ ਗ੍ਰਿਫ਼ਤਾਰ ਕਰ ਕੇ 40 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਗ੍ਰਿਫ਼ਤਾਰ ਕੀਤਾ ਹੈ।
ਇਸ ਤੋਂ ਇਲਾਵਾ ਡਰੇਨ ਪੁਲ ਕੋਲੋਂ ਕੁਲਦੀਪ ਸਿੰਘ ਉਰਫ ਰੈਂਬੋ ਪੁੱਤਰ ਹਿੰਮਤ ਸਿੰਘ ਵਾਸੀ ਖੀਵਾ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 2 ਗ੍ਰਾਮ ਹੈਰੋਇਨ ਅਤੇ ਸੁਖਪਾਲ ਸਿੰਘ ਉਰਫ਼ ਸਾਧਾ ਪੁੱਤਰ ਦਰਸ਼ਨ ਸਿੰਘ ਵਾਸੀ ਭੀਖੀ ਹਾਲ ਆਬਾਦ ਕਿਸ਼ਨਗੜ੍ਹ ਫਰਵਾਹੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐੱਸ. ਐੱਚ. ਓ. ਸੁਖਜੀਤ ਸਿੰਘ ਨੇ ਕਿਹਾ ਕਿ ਇਲਾਕੇ ’ਚੋਂ ਨਸ਼ਾ ਖ਼ਤਮ ਕਰਨ ਲਈ ਭੀਖੀ ਪੁਲਸ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।