ਸਾਬਕਾ ਵਿਧਾਇਕ ਰੋਸ਼ਨ ਲਾਲ ਵਰਮਾ ਦੀ ਨਾਜਾਇਜ਼ ਬਿਲਡਿੰਗ ’ਤੇ ਚੱਲਿਆ ਬੁਲਡੋਜ਼ਰ, ਭਾਜਪਾ ਛੱਡ ਕੇ ਸਪਾ ’ਚ ਹੋਏ ਸਨ ਸ਼ਾਮਲ
Friday, Apr 22, 2022 - 11:51 AM (IST)

ਸ਼ਾਹਜਹਾਂਪੁਰ– ਸਵਾਮੀ ਪ੍ਰਸਾਦ ਮੌਰਿਆ ਦੇ ਨਾਲ ਭਾਜਪਾ ਛੱਡ ਕੇ ਸਪਾ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਰੋਸ਼ਨ ਲਾਲ ਵਰਮਾ ਦੀ ਨਾਜਾਇਜ਼ ਬਿਲਡਿੰਗ ’ਤੇ ਅੱਜ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਦਿੱਤਾ। ਇਸ ਤੋਂ ਪਹਿਲਾਂ ਹੀ ਮਾਲੀਆ ਟੀਮ ਨੇ ਨਿਗੋਹੀ ਵਿਚ ਸਥਿਤ ਵਰਮਾ ਦੀ ਜ਼ਮੀਨ ਦੀ ਪੈਮਾਇਸ਼ ਕੀਤੀ ਸੀ। ਜਾਂਚ ਵਿਚ ਨਾਜਾਇਜ਼ ਕਬਜ਼ੇ ਦੀ ਗੱਲ ਸਾਹਮਣੇ ਆਈ ਸੀ, ਇਸ ਦੇ ਲਈ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ। ਬੁੱਧਵਾਰ ਨੂੰ ਭਾਰੀ ਪੁਲਸ ਫੋਰਸ ਦੀ ਮੌਜੂਦਗੀ ਵਿਚ ਨਾਜਾਇਜ਼ ਨਿਰਮਾਣ ਨੂੰ ਪ੍ਰਸ਼ਾਸਨ ਨੇ ਢਹਿ-ਢੇਰੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸਰਿਤਾ ਯਾਦਵ ਨੇ ਬੀਤੇ ਦਿਨੀਂ ਸਾਬਕਾ ਵਿਧਾਇਕ ਰੋਸ਼ਨ ਲਾਲ ਖਿਲਾਫ ਨਾਜਾਇਜ਼ ਨਿਰਮਾਣ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਰੋਸ਼ਨ ਲਾਲ ਵਰਮਾ ਦੀ ਨੂੰਹ ਰੂਚੀ ਵਰਮਾ ਦੇ ਨਾਂ ਤੋਂ ਨਿਗੋਹੀ ਥਾਣੇ ਦੇ ਸਾਹਮਣੇ ਲਗਭਗ 3200 ਵਰਗ ਫੁੱਟ ਵਿਚ ਦੁਕਾਨ ਅਤੇ ਮਕਾਨ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਇਆ ਗਿਆ ਹੈ। ਡੀ. ਐੱਮ. ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦੇ ਹੁਕਮ ਦਿੱਤੇ ਸਨ। ਜਾਂਚ ਵਿਚ ਲਗਭਗ 40 ਫੀਸਦੀ ਨਿਰਮਾਣ ਸਰਕਾਰੀ ਜ਼ਮੀਨ ’ਤੇ ਕਰਵਾਏ ਜਾਣ ਦੀ ਗੱਲ ਸਾਹਮਣੇ ਆਈ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਉਸ ’ਤੇ ਬੁਲਡੋਜ਼ਰ ਚਲਾ ਦਿੱਤਾ।