ਸਰਕਾਰੀ ਹਸਪਤਾਲ ਤੋਂ ਆਈ ਹੈਰਾਨ ਕਰਨ ਵਾਲੀ ਤਸਵੀਰ, ਵੈਕਸੀਨ ਰੱਖਣ ਵਾਲੇ ਫ੍ਰੀਜ਼ਰ 'ਚ ਠੰਡੀ ਹੋ ਰਹੀ ਬੀਅਰ
Tuesday, Aug 06, 2024 - 09:21 PM (IST)
ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਵੈਕਸੀਨ ਰੱਖਣ ਵਾਲੇ ਡੀਪ ਫ੍ਰੀਜ਼ਰ 'ਚ ਬੀਅਰ ਦੇ ਕੈਨ ਵੀ ਠੰਡੇ ਹੋ ਰਹੇ ਸਨ। ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਘਟਨਾ ਦੀ ਸੂਚਨਾ 'ਤੇ ਮਹਿਕਮੇ 'ਚ ਹਫੜਾ-ਦਫੜੀ ਮਚ ਗਈ। ਵਿਭਾਗ ਦੇ ਅਧਿਕਾਰੀ ਹੁਣ ਮਾਮਲੇ ਦੀ ਜਾਂਚ ਕਰਵਾ ਕੇ ਕਾਰਵਾਈ ਦੀ ਗੱਲ ਕਰ ਰਹੇ ਹਨ। ਫਿਲਹਾਲ ਮੁੱਦਾ ਭਖਦਾ ਜਾ ਰਿਹਾ ਹੈ।
ਦੱਸ ਦੇਈਏ ਕਿ ਸਿਹਤ ਵਿਭਾਗ ਨੇ ਨਵਜੰਮੇ ਬੱਚਿਆਂ ਲਈ ਸਾਰੇ ਸਰਕਾਰੀ ਹਸਪਤਾਲਾਂ 'ਚ ਬੀ.ਸੀ.ਜੀ ਪੋਲੀਓ ਵੈਕਸੀਨ ਤੋਂ ਇਲਾਵਾ ਜੀਵਨ ਰੱਖਿਅਕ ਦਵਾਈਆਂ, ਹੈਪੇਟਾਈਟਿਸ ਬੀ ਵੈਕਸੀਨ ਅਤੇ ਇਲਾਜ ਲਈ ਹੋਰ ਦਵਾਈਆਂ ਡੀਪ ਫ੍ਰੀਜ਼ਰ 'ਚ ਰੱਖਣ ਦੇ ਨਿਰਦੇਸ਼ ਦਿੱਤੇ ਹਨ ਪਰ ਬੁਲੰਦਸ਼ਹਿਰ ਦੇ ਸਿਹਤ ਵਿਭਾਗ ਦੇ ਕਰਮਚਾਰੀ ਇਨ੍ਹਾਂ ਨਿਰਦੇਸ਼ਾਂ ਦਾ ਪਾਲਣਾ ਨਹੀਂ ਕਰ ਰਹੇ। ਇਸ ਦੀ ਨਿਸ਼ਾਨਦੇਹੀ ਜ਼ਿਲ੍ਹੇ ਦੇ ਇਕ ਸੀ.ਐੱਚ.ਸੀ 'ਚ ਦੇਖਣ ਨੂੰ ਮਿਲੀ।
ਦਰਅਸਲ, ਬੁਲੰਦਸ਼ਹਿਰ ਦੇ ਧਰਪਾ ਸਥਿਤ ਸਰਕਾਰੀ ਸੀ.ਐੱਚ.ਸੀ. 'ਚ ਦਵਾਈਆਂ ਰੱਖਣ ਲਈ ਬਣੇ ਫ੍ਰੀਜ਼ਰ 'ਚ ਬੀਅਰ ਦੇ ਕੈਨ ਠੰਡੇ ਕੀਤੇ ਜਾ ਰਹੇ ਸਨ ਜਿਸ ਦੀ ਤਸਵੀਰ ਕਿਸੇ ਨੇ ਆਪਣੇ ਫੋਨ 'ਚ ਖਿੱਚ ਲਈ ਅਤੇ ਫਿਰ ਉਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਜਦੋਂ ਖਬਰ ਮੀਡੀਆ 'ਚ ਆਈ ਤਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਦਾ ਨੋਟਿਸ ਲਿਆ।
ਸਬੰਧਤ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਬੁਲੰਦਸ਼ਹਿਰ ਦੇ ਸੀ.ਐੱਮ.ਓ. ਵਿਨੈ ਕੁਮਾਰ ਮੁਤਾਬਕ ਮਾਮਲੇ ਦੀ ਜਾਣਕਾਰੀ 5 ਅਗਸਤ ਨੂੰ ਮਿਲੀ ਸੀ। ਇਸ ਮਾਮਲੇ ਵਿਚ ਏ.ਸੀ.ਐੱਮ.ਓ. ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਫਿਲਹਾਲ ਜਾਂਚ ਜਾਰੀ ਹੈ। ਦੋਸ਼ੀ ਕਰਮਚਾਰੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।