ਬਿਲਡਰਾਂ ਨੇ ਸਵਾਮੀ ਫੰਡ-2 ਦੇ ਐਲਾਨ ਦੀ ਕੀਤੀ ਸ਼ਲਾਘਾ, ਬਜਟ ਨੂੰ ਉਮੀਦਾਂ ਤੋਂ ਘੱਟ ਦੱਸਿਆ
Sunday, Feb 02, 2025 - 02:26 PM (IST)
ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਖੇਤਰ ਦੇ ਟਾਪ ਬਾਡੀਜ਼ ਕ੍ਰੇਡਾਈ ਅਤੇ ਨਾਰੇਡਕੋ ਨੇ ਸ਼ਨੀਵਾਰ ਨੂੰ ਰੁਕੇ ਹੋਏ ਰਿਹਾਇਸ਼ੀ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ 15,000 ਕਰੋੜ ਰੁਪਏ ਦੇ ਸਵਾਮੀ ਫੰਡ-2 ਦੀ ਸਥਾਪਨਾ ਦੀ ਸ਼ਲਾਘਾ ਕੀਤੀ। ਦੋਵਾਂ ਸੰਗਠਨਾਂ ਨੇ ਹਾਲਾਂਕਿ ਕਿਹਾ ਕਿ ਉਦਯੋਗ ਨੂੰ ਆਮ ਬਜਟ ਤੋਂ ਕਾਫੀ ਉਮੀਦਾਂ ਸਨ, ਜਿਸ ’ਚ ਘਰ ਕਰਜ਼ੇ ’ਤੇ ਚੁਕਾਏ ਜਾਣ ਵਾਲੇ ਵਿਆਜ ’ਤੇ ਟੈਕਸ ਛੋਟ ’ਚ ਵਾਧੇ ਅਤੇ ਕਿਫਾਇਤੀ ਰਿਹਾਇਸ਼ੀ ਸੈਕਟਰ ਨੂੰ ਬੜ੍ਹਾਵਾ ਦੇਣ ਲਈ ਰਿਆਇਤਾਂ ਸ਼ਾਮਲ ਹਨ। ਇਸ ਲਿਹਾਜ਼ ਨਾਲ ਬਜਟ ਉਮੀਦਾਂ ਨੂੰ ਪੂਰਾ ਨਹੀਂ ਕਰਦਾ ਹੈ।
ਕ੍ਰੇਡਾਈ ਦੇ ਰਾਸ਼ਟਰੀ ਪ੍ਰਧਾਨ ਬੋਮਨ ਈਰਾਨੀ ਨੇ ਕਿਹਾ ਕਿ 12 ਲੱਖ ਰੁਪਏ ਤੱਕ ਦੀ ਕਮਾਈ ’ਤੇ ਟੈਕਸ ਦੀ ਛੋਟ, ਨਾਲ ਹੀ ਕਿਰਾਏ ’ਤੇ ਟੀ. ਡੀ. ਐੱਸ. ਹੱਦ ਨੂੰ 2.4 ਲੱਖ ਤੋਂ ਵਧਾ ਕੇ 6 ਲੱਖ ਰੁਪਏ ਕਰਨ ਨਾਲ ਖਰਚ ਕਰਨ ਲਾਇਕ ਕਮਾਈ ਵਧੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਘਰ ਦੀ ਮੰਗ ਅਤੇ ਪੂਰਨ ਖਪਤ ਨੂੰ ਬੜ੍ਹਾਵਾ ਮਿਲੇਗਾ।
ਨਾਰੇਡਕੋ ਦੇ ਰਾਸ਼ਟਰੀ ਪ੍ਰਧਾਨ ਜੀ. ਹਰੀ ਬਾਬੂ ਨੇ ਕਿਹਾ ਕਿ ਨਵੀਂ ਵਿਵਸਥਾ ਤਹਿਤ 12 ਲੱਖ ਰੁਪਏ ਤੱਕ ਦੀ ਕਮਾਈ ਨੂੰ ਟੈਕਸ ਤੋਂ ਛੋਟ ਦੇਣ ਦਾ ਫੈਸਲਾ ਮੱਧ ਕਮਾਈ ਵਰਗ ਲਈ ਇਕ ਮਹੱਤਵਪੂਰਨ ਇਨਸੈਂਟਿਵ ਹੈ। ਇਸ ਨਾਲ ਰਿਹਾਇਸ਼ੀ ਖੇਤਰ ’ਚ ਨਿਵੇਸ਼ ਨੂੰ ਬੜ੍ਹਾਵਾ ਮਿਲੇਗਾ।
ਕ੍ਰੇਡਾਈ ਦੇ ਈਰਾਨੀ ਨੇ ਕਿਹਾ ਕਿ ਰਿਹਾਇਸ਼ੀ ਖੇਤਰ ਵਾਧੂ ਉਪਰਾਲਿਆਂ ਦੀ ਉਮੀਦ ਕਰ ਰਿਹਾ ਸੀ, ਜਿਵੇਂ ਰਿਹਾਇਸ਼ੀ ਕਰਜ਼ੇ ’ਤੇ ਚੁਕਾਏ ਜਾਣ ਵਾਲੇ ਵਿਆਜ ’ਤੇ ਟੈਕਸ ਛੋਟ ’ਚ ਵਾਧਾ ਅਤੇ ਕਿਫਾਇਤੀ ਰਿਹਾਇਸ਼ੀ ਸੈਕਟਰ ਨੂੰ ਬੜ੍ਹਾਵਾ ਦੇਣ ਲਈ ਰਿਆਇਤਾਂ ਵਧਾਉਣਾ।