ਮਾਇਆਵਤੀ ਦੇ ਰਵੱਈਏ ਕਾਰਨ ਚਿੰਤਾ ’ਚ ਬਸਪਾ ਦੇ ਸੰਸਦ ਮੈਂਬਰ
Tuesday, Mar 01, 2022 - 10:53 AM (IST)
ਨਵੀਂ ਦਿੱਲੀ– ਬਹੁਜਨ ਸਮਾਜ ਪਾਰਟੀ ਦੇ 10 ਲੋਕ ਸਭਾ ਮੈਂਬਰ ਚਿੰਤਾ ਵਿਚ ਹਨ ਕਿਉਂਕਿ ਪਾਰਟੀ ਦੀ ਪ੍ਰਧਾਨ ਮਾਇਆਵਤੀ ਯੂ. ਪੀ. ਵਿਧਾਨ ਸਭਾ ਚੋਣਾਂ ਵਿਚ ਹਮਲਾਵਰੀ ਢੰਗ ਨਾਲ ਪ੍ਰਚਾਰ ਨਹੀਂ ਕਰ ਰਹੀ। ਇਹ ਸੰਸਦ ਮੈਂਬਰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੀਆਂ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਚਿੰਤਤ ਹਨ ਕਿਉਂਕਿ ਮਾਇਆਵਤੀ ਉਨ੍ਹਾਂ ਨੂੰ ਚੋਣ ਰਣਨੀਤੀ ਬਣਾਉਣ ਲਈ ਨਹੀਂ ਮਿਲਦੀ। ਇਸ ਦੀ ਬਜਾਏ ਉਨ੍ਹਾਂ ਨੂੰ ਟੈਲੀਫੋਨ ਰਾਹੀਂ ਇਹ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਕਿ ਉਨ੍ਹਾਂ ਨੇ ਕਿੱਥੇ ਤੇ ਕਿਵੇਂ ਪ੍ਰਚਾਰ ਕਰਨਾ ਹੈ।
ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਮਾਇਆਵਤੀ ਇਸ ਗੱਲ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੀ ਹੈ ਕਿ ਬਸਪਾ ਦੇ ਲੋਕ ਸਭਾ ਨੇਤਾ ਰਿਤੇਸ਼ ਪਾਂਡੇ ਦੇ ਪਿਤਾ ਭਾਜਪਾ ਦੀ ਟਿਕਟ ’ਤੇ ਵਿਧਾਇਕ ਦੇ ਤੌਰ ’ਤੇ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਦੂਜੀ ਗੱਲ ਇਹ ਹੈ ਕਿ ਤੀਜੇ ਪੜਾਅ ਦੀ ਪੋਲਿੰਗ ਤਕ ਮਾਇਆਵਤੀ ਖੁਦ ਵੀ ਅੱਗੇ ਨਹੀਂ ਆਈ ਅਤੇ ਬਾਕੀ ਪੜਾਵਾਂ ਵਿਚ ਵੀ ਪ੍ਰਚਾਰ ’ਚ ਤੇਜ਼ੀ ਨਹੀਂ ਵਿਖਾਈ। ਬਸਪਾ ਦੇ ਇਕ ਸੀਨੀਅਰ ਲੋਕ ਸਭਾ ਮੈਂਬਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਮਾਇਆਵਤੀ ਦੀ ਸੁਸਤ ਪ੍ਰਚਾਰ ਮੁਹਿੰਮ ਪਾਰਟੀ ਨੂੰ ਮਹਿੰਗੀ ਪੈ ਸਕਦੀ ਹੈ, ਜਿਸ ਨੇ 22.2 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ ਅਤੇ ਫਿਰ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ 19 ਸੀਟਾਂ ਹਾਸਲ ਕਰ ਸਕੀ ਸੀ। ਵੋਟ ਫ਼ੀਸਦੀ ਵਿਚ 2 ਫ਼ੀਸਦੀ ਦੀ ਗਿਰਾਵਟ ਵੀ ਬਸਪਾ ਨੂੰ ਬਹੁਤ ਭਾਰੀ ਪਵੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਦਾ ਮੂਲ ਵੋਟਰ ਹਮਲਾਵਰੀ ਢੰਗ ਨਾਲ ਵੋਟਿੰਗ ਕਰਨ ਲਈ ਨਹੀਂ ਆਇਆ ਅਤੇ ਇਹ ਯੂ. ਪੀ. ਵਿਚ ਘੱਟ ਵੋਟਿੰਗ ਦਾ ਕਾਰਨ ਵੀ ਹੋ ਸਕਦਾ ਹੈ। ਸਮਾਜਵਾਦੀ ਪਾਰਟੀ ਜਿਸ ਨੂੰ 21.8 ਫ਼ੀਸਦੀ ਵੋਟ ਮਿਲੇ ਸਨ ਅਤੇ ਫਿਰ ਵੀ ਉਸ ਨੇ 2017 ਵਿਚ 47 ਸੀਟਾਂ ਹਾਸਲ ਕੀਤੀਆਂ ਸਨ, ਆਪਣੇ ਅੰਕੜਿਆਂ ਵਿਚ ਇਸ ਵਾਰ ਸੁਧਾਰ ਕਰ ਸਕਦੀ ਹੈ ਕਿਉਂਕਿ ਯਾਦਵ-ਮੁਸਲਿਮ ਗਠਜੋੜ ਨੇ ਹਮਲਾਵਰੀ ਢੰਗ ਨਾਲ ਵੋਟਿੰਗ ਕੀਤੀ।
ਬਸਪਾ ਦੇ ਇਨ੍ਹਾਂ ਲੋਕ ਸਭਾ ਮੈਂਬਰਾਂ ਨੂੰ ਯੂ. ਪੀ. ਵਿਧਾਨ ਸਭਾ ਚੋਣਾਂ ਤੋਂ ਬਾਅਦ ਆਪਣਾ ਸਿਆਸੀ ਰਸਤਾ ਤੈਅ ਕਰਨਾ ਪੈ ਸਕਦਾ ਹੈ, ਜਦੋਂ ਤਕ ਕਿ ਮਾਇਆਵਤੀ ਇਸ ਨੂੰ ਰੋਕਣ ਲਈ ਗੰਭੀਰ ਕਦਮ ਨਹੀਂ ਚੁੱਕਦੀ। ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਬਸਪਾ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਰਹੀ ਤਾਂ ਪਾਰਟੀ ਵਿਚ ਤਿੰਨ ਪਾਸੜ ਵੰਡ ਵੀ ਹੋ ਸਕਦੀ ਹੈ।