ਬਸਪਾ ਦੇ ਪ੍ਰਦੇਸ਼ ਪ੍ਰਧਾਨ ਕਤਲਕਾਂਡ ਦਾ ਇਕ ਦੋਸ਼ੀ ਐਨਕਾਊਂਟਰ ''ਚ ਢੇਰ
Sunday, Jul 14, 2024 - 11:21 AM (IST)
ਚੇਨਈ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਤਾਮਿਲਨਾਡੂ ਇਕਾਈ ਦੇ ਮੁਖੀ ਕੇ. ਆਰਮਸਟਰਾਂਗ ਦੇ ਕਤਲ ਦੇ ਇਕ ਮੁੱਖ ਦੋਸ਼ੀ ਨੇ ਐਤਵਾਰ ਨੂੰ ਇੱਥੇ ਪੁਲਸ ਕਰਮਚਾਰੀਆਂ 'ਤੇ ਹਮਲਾ ਕੀਤਾ ਅਤੇ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸ ਨੂੰ ਮਾਰ ਸੁੱਟਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਜਦੋਂ ਮੁਲਜ਼ਮ ਕੇ. ਥਿਰੂਵੇਂਗਦਮ ਨੂੰ ਜਾਂਚ ਦੇ ਅਧੀਨ ਉੱਤਰੀ ਚੇਨਈ ਦੇ ਇਕ ਸਥਾਨ 'ਤੇ ਲਿਜਾਇਆ ਗਿਆ ਤਾਂ ਉਸ ਨੇ ਇਕ ਪੁਲਸ ਕਰਮਚਾਰੀ 'ਤੇ ਹਮਲਾ ਕੀਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਇਕ ਪੁਲਸ ਅਧਿਕਾਰੀ ਨੇ ਉਸ 'ਤੇ ਗੋਲੀ ਚਲਾਈ। ਥਿਰੂਵੇਂਗਦਮ ਨੂੰ ਬਸਪਾ ਨੇਤਾ ਦੇ ਕਤਲ 'ਚ ਵਰਤੇ ਜਾਣ ਤੋਂ ਬਾਅਦ ਲੁਕਾਏ ਗਏ ਹਥਿਆਰਾਂ ਦੀ ਭਾਲ ਲਈ ਉੱਥੇ ਲਿਜਾਇਆ ਗਿਆ ਸੀ।
ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਿਰੂਵੇਂਗਦਮ (30) ਬਸਪਾ ਨੇਤਾ ਆਰਮਸਟਰਾਂਗ ਦੇ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ 11 ਦੋਸ਼ੀਆਂ 'ਚੋਂ ਇਕ ਸੀ ਅਤੇ ਇਕ ਬਦਨਾਮ ਅਪਰਾਧੀ ਸੀ। ਕੁਝ ਦਿਨ ਪਹਿਲਾਂ ਇੱਥੋਂ ਦੀ ਇੱਕ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਪੰਜ ਦਿਨਾਂ ਲਈ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਸੀ। ਆਰਮਸਟ੍ਰਾਂਗ ਦਾ 5 ਜੁਲਾਈ ਨੂੰ ਇੱਥੇ ਇਕ ਗੈਂਗ ਨੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸੂਬੇ 'ਚ ਕਾਨੂੰਨ ਵਿਵਸਥਾ ਵਿਗੜਨ ਦਾ ਦੋਸ਼ ਲਾਇਆ ਸੀ। ਪੁਲਸ ਅਤੇ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਪੁਲਸ ਨੇ 11 ਜੁਲਾਈ ਨੂੰ ਪੁਡੂਕੋਟਈ ਜ਼ਿਲ੍ਹੇ 'ਚ ਇਕ ਬਦਨਾਮ ਅਪਰਾਧੀ ਨੂੰ ਵੀ ਮਾਰ ਦਿੱਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e