ਬਸਪਾ ਦੇ ਰਾਹ ਵੱਖ ਹਨ ਤਾਂ ਵੀ ਉਸ ਦਾ ਸਵਾਗਤ ਹੈ : ਅਖਿਲੇਸ਼

Tuesday, Jun 04, 2019 - 11:03 PM (IST)

ਬਸਪਾ ਦੇ ਰਾਹ ਵੱਖ ਹਨ ਤਾਂ ਵੀ ਉਸ ਦਾ ਸਵਾਗਤ ਹੈ : ਅਖਿਲੇਸ਼

ਗਾਜ਼ੀਪੁਰ: ਬਸਪਾ ਮੁਖੀ ਮਾਇਆਵਤੀ ਵਲੋਂ ਉਪ ਚੋਣਾਂ ਇਕੱਲਿਆਂ ਲੜਨ ਬਾਰੇ ਕੀਤੇ ਗਏ ਐਲਾਨ ਪਿੱਛੋਂ ਸਪਾ ਮੁਖੀ ਅਖਿਲੇਸ਼ ਯਾਦਵ ਨੇ ਮੰਗਲਵਾਰ ਕਿਹਾ ਕਿ ਜੇ ਬਸਪਾ ਦੇ ਰਾਹ ਵੱਖ ਹਨ ਤਾਂ ਵੀ ਉਸ ਦਾ ਸਵਾਗਤ ਹੈ। ਉਪ ਚੋਣਾਂ ਲਈ ਕੋਈ ਗਠਜੋੜ-ਧਰਮ ਨਹੀਂ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ 11 ਅਸੈਂਬਲੀ ਹਲਕਿਆਂ 'ਚ ਹੋਣ ਵਾਲੀਆਂ ਉਪ ਚੋਣਾਂ ਵੀ ਸਪਾ ਇਕੱਲਿਆਂ ਹੀ ਲੜੇਗੀ। ਬਸਪਾ ਸੁਪਰੀਮੋ ਮਾਇਆਵਤੀ ਵਲੋਂ ਇਹ ਕਹਿਣਾ ਕਿ ਸਪਾ ਦੇ ਵਰਕਰਾਂ ਵਲੋਂ ਗਠਜੋੜ ਦੇ ਹੱਕ 'ਚ ਵੋਟਾਂ ਨਹੀਂ ਪਾਈਆਂ ਗਈਆਂ, ਸਬੰਧੀ ਅਖਿਲੇਸ਼ ਨੇ ਕਿਹਾ ਕਿ ਇਸ ਬਾਰੇ ਪੱਤਰਕਾਰ ਖੁਦ ਹੀ ਸਮੀਖਿਆ ਕਰ ਲੈਣ। ਮਾਇਆਵਤੀ ਕੀ ਬੋਲਦੀ ਹੈ, ਮੈਂ ਕੀ ਬੋਲਦਾ ਹਾਂ, ਇਹ ਗੱਲ ਅਹਿਮ ਨਹੀਂ ਹੈ। ਮੀਡੀਆ ਵਾਲੇ ਆਲੇ-ਦੁਆਲੇ ਦੇ ਬੂਥਾਂ ਨੂੰ ਵੇਖਣ ਤੇ ਜਾਤੀ ਆਧਾਰ 'ਤੇ ਅੰਕੜੇ ਇਕੱਠੇ ਕਰ ਕੇ ਸਮੀਖਿਆ ਕਰਨ। ਕਿਸ ਨੇ ਕਿਸ ਨੂੰ ਵੋਟ ਦਿੱਤੀ ਤੇ ਕਿਸ ਨੇ ਕਿਸ ਨੂੰ ਵੋਟ ਨਹੀਂ ਦਿੱਤੀ। ਇਸ ਸਬੰਧੀ ਮੈਂ ਫਿਲਹਾਲ ਕੁਝ ਵੀ ਬੋਲਣ ਦੀ ਹਾਲਤ 'ਚ ਨਹੀਂ ਹਾਂ। ਉਨ੍ਹਾਂ ਇਹ ਗੱਲ ਕਹੀ ਕਿ 2022 'ਚ ਉੱਤਰ ਪ੍ਰਦੇਸ਼ ਦੀਆਂ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੌਰਾਨ ਸਮਾਜਵਾਦੀ ਪਾਰਟੀ ਦੀ ਸਰਕਾਰ ਬਣੇਗੀ।

ਮਾਇਆਵਤੀ ਬੋਲੀ-ਸਪਾ ਨਾਲ ਪਰਮਾਨੈਂਟ ਬ੍ਰੇਕਅਪ ਨਹੀਂ
ਬਸਪਾ ਮੁਖੀ ਮਾਇਆਵਤੀ ਨੇ ਸਪਾ ਨਾਲ ਫਿਲਹਾਲ ਬ੍ਰੇਕਅਪ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਯਾਦਵ ਸਮਾਜ ਆਪਣੀਆਂ ਯਾਦਵ ਬਹੁ-ਗਿਣਤੀ ਵਾਲੀਆਂ ਸੀਟਾਂ 'ਤੇ ਵੀ ਸਪਾ ਨਾਲ ਪੂਰੀ ਮਜ਼ਬੂਤੀ ਨਾਲ ਨਹੀਂ ਟਿਕ ਸਕਿਆ। ਇੰਝ ਕਰ ਕੇ ਸਪਾ ਦੇ ਲੋਕਾਂ ਨੇ ਅੰਦਰੋਂ ਢਾਹ ਲਾਈ। ਇਸੇ ਕਾਰਨ ਯਾਦਵ ਬਹੁ-ਗਿਣਤੀ ਵਾਲੀਆਂ ਸੀਟਾਂ 'ਤੇ ਵੀ ਸਪਾ ਦੇ ਮਜ਼ਬੂਤ ਉਮੀਦਵਾਰ ਹਾਰ ਗਏ। ਇਸ ਦੇ ਕਾਰਨ ਬਸਪਾ ਨੇ ਉੱਤਰ ਪ੍ਰਦੇਸ਼ ਦੀਆਂ ਆਉਂਦੀਆਂ ਅਸੈਂਬਲੀ ਉਪ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਪਾ ਦੇ ਆਗੂਆਂ ਨੂੰ ਆਪਣਾ ਵੋਟ ਬੈਂਕ ਬਸਪਾ ਦੇ ਹੱਕ 'ਚ ਕਰਨ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਪਏਗਾ। ਬਸਪਾ ਆਗੂ ਨੇ ਸਪਾ ਦੇ ਮੁਖੀ ਅਖਿਲੇਸ਼ ਯਾਦਵ ਤੇ ਉਨ੍ਹਾਂ ਦੀ ਪਤਨੀ ਡਿੰਪਲ ਨਾਲ ਵਧੀਆ ਰਿਸ਼ਤੇ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਪਾ ਨਾਲ ਪਰਮਾਨੈਂਟ ਬ੍ਰੇਕਅਪ ਨਹੀਂ ਹੋਇਆ ਹੈ। ਜੇ ਅਖਿਲੇਸ਼ ਯਾਦਵ ਵਧੀਆ ਕੰਮ ਕਰਦੇ ਹਨ ਤਾਂ ਉਨ੍ਹਾਂ ਨਾਲ ਦੁਬਾਰਾ ਮਿਲ ਕੇ ਚੱਲਿਆ ਜਾਏਗਾ।


Related News