ਦੰਗਿਆਂ 'ਚ ਸੜ ਗਿਆ ਘਰ, BSF ਨੇ ਅਨੀਸ ਨੂੰ ਸੌਂਪਿਆ 10 ਲੱਖ ਰੁਪਏ ਦਾ ਚੈੱਕ

03/02/2020 4:48:00 PM

ਨਵੀਂ ਦਿੱਲੀ— ਬੋਰਡ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਨੇ ਸੋਮਵਾਰ ਨੂੰ ਆਪਣੇ ਜਵਾਨ ਮੁਹੰਮਦ ਅਨੀਸ ਨੂੰ 10 ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਉੱਤਰੀ-ਪੂਰਬੀ ਦਿੱਲੀ 'ਚ ਹੋਏ ਦੰਗਿਆਂ ਦੌਰਾਨ ਦੰਗਾ ਕਰਨ ਵਾਲਿਆਂ ਨੇ ਅਨੀਸ ਦੇ ਘਰ ਦੀ ਭੰਨ-ਤੋੜ ਕੀਤੀ ਅਤੇ ਅੱਗ ਦੇ ਹਵਾਲੇ ਕਰ ਦਿੱਤਾ ਸੀ। ਬੀ. ਐੱਸ. ਐੱਫ. ਬੁਲਾਰੇ ਨੇ ਦੱਸਿਆ ਕਿ ਫੋਰਸ ਨੇ ਜਵਾਨ ਦੇ ਘਰ ਦਾ ਮੁੜ ਨਿਰਮਾਣ ਕਰਨ ਦਾ ਸੰਕਲਪ ਲਿਆ ਅਤੇ ਵਿਆਹ ਦੇ ਤੋਹਫੇ ਵਜੋਂ ਇਹ ਰਾਸ਼ੀ ਦਿੱਤੀ ਹੈ, ਕਿਉਂਕਿ ਛੇਤੀ ਹੀ ਅਨੀਸ ਦਾ ਵਿਆਹ ਹੋਣ ਵਾਲਾ ਹੈ। ਕਾਂਸਟੇਬਲ ਅਨੀਸ ਨੇ ਆਪਣੇ ਪਿਤਾ ਮੁਹੰਮਦ ਮੁਨੀਸ ਨਾਲ ਲੋਧੀ ਰੋਡ ਸਥਿਤ ਬੀ. ਐੱਸ. ਐੱਫ. ਹੈੱਡਕੁਆਰਟਰ 'ਚ ਇੰਸਪੈਕਟਰ ਜਨਰਲ ਡੀ. ਕੇ. ਉਪਾਧਿਆਏ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਜਵਾਨ ਨੂੰ 10 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। 

ਅਨੀਸ ਪੱਛਮੀ ਬੰਗਾਲ ਦੇ ਸਿਲੀਗੁੜੀ ਜ਼ਿਲੇ ਦੇ ਰਾਧਾਬਾੜੀ ਸਥਿਤ ਬੀ. ਐੱਸ. ਐੱਫ. ਕੈਂਪ 'ਚ ਤਾਇਨਾਤ ਹਨ। ਓਡੀਸ਼ਾ ਵਿਚ ਨਕਸਲ ਰੋਕੂ ਮੁਹਿੰਮ ਗ੍ਰਿਡ 'ਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਹਾਲ ਹੀ 'ਚ ਅਨੀਸ ਦਾ ਟਰਾਂਸਫਰ ਕੀਤਾ ਗਿਆ ਸੀ। ਇਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫੋਰਸ ਦੇ ਵੈੱਲਫੇਅਰ ਫੰਡ ਅਤੇ ਹੋਰ ਸਰੋਤਾਂ ਦਾ ਇਸਤੇਮਾਲ 29 ਸਾਲਾ ਅਨੀਸ ਦੀ ਮਦਦ ਲਈ ਕੀਤਾ ਜਾਵੇਗਾ, ਜਿਨ੍ਹਾਂ ਦਾ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਖਜੂਰੀ ਖਾਸ ਇਲਾਕੇ ਵਿਚ ਸਥਿਤ ਘਰ 'ਚ ਪਿਛਲੇ ਹਫਤੇ ਦੰਗਾ ਕਰਨ ਵਾਲਿਆਂ ਨੇ ਭੰਨ-ਤੋੜ ਕੀਤੀ ਸੀ ਅਤੇ ਅੱਗ ਲਾ ਦਿੱਤੀ ਸੀ। ਦੱਸਣਯੋਗ ਹੈ ਕਿ ਉੱਤਰੀ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਿਤ ਜਾਫਰਾਬਾਦ, ਮੌਜਪੁਰ, ਖਜੂਰੀ ਖਾਸ, ਭਜਨਪੁਰਾ ਅਤੇ ਹੋਰ ਇਲਾਕਿਆਂ 'ਚ 46 ਲੋਕਾਂ ਦੀ ਮੌਤ ਹੋਈ ਹੈ ਅਤੇ 200 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ।


Tanu

Content Editor

Related News