ਮਾਂ ਦਾ ਪੇਟ ਭਰਨ ਲਈ ਖੁਦ ਬੈਲ ਬਣੇ ਭਰਾ-ਭੈਣ

06/23/2019 9:34:39 AM

ਕਾਰਵਾਰ-ਕਰਨਾਟਕ ਦੇ ਕਾਰਵਾਰ ਜ਼ਿਲੇ ਦੇ ਛੋਟੇ ਜਿਹੇ ਪਿੰਡ ’ਚ ਰਹਿਣ ਵਾਲੇ ਇਸ ਪਰਿਵਾਰ ਕੋਲ ਪੈਸੇ ਨਹੀਂ ਹਨ। ਥੋੜ੍ਹੇ ਖੇਤ ਹਨ ਪਰ ਇਸ ਨੂੰ ਵਾਹੁਣ ਲਈ ਬੈਲ ਜਾਂ ਦੂਜਾ ਕੋਈ ਸਾਧਨ ਨਹੀਂ ਹੈ। ਅਜਿਹੇ ’ਚ ਮਾਂ ਦਾ ਪੇਟ ਭਰਨ ਲਈ ਭਰਾ-ਭੈਣ ਦੋਵੇਂ ਖੁਦ ਬੈਲਾਂ ਵਾਂਗ ਖੇਤਾਂ ਦੀ ਵਾਹੀ ਕਰਦੇ ਹਨ। ਅਜਿਹਾ ਉਹ ਲਗਭਗ 14 ਸਾਲਾਂ ਤੋਂ ਕਰ ਰਹੇ ਹਨ।ਭਰਾ ਗਿਰੀਧਰ ਗੁਨਾਗੀ ਅਤੇ ਉਸ ਦੀ ਭੈਣ ਸੁਜਾਤਾ ਗੁਨਾਗੀ ਇਨ੍ਹੀਂ ਦਿਨੀਂ ਖੇਤਾਂ ਨੂੰ ਵਾਹੁਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੀਂਹ ਤੋਂ ਪਹਿਲਾਂ ਉਹ ਖੇਤਾਂ ਨੂੰ ਵਾਹੁਣ ਦਾ ਕੰਮ ਪੂਰਾ ਕਰ ਕੇ ਅਨਾਜ ਅਤੇ ਸਬਜ਼ੀਆਂ ਬੀਜ ਦੇਣਗੇ।

ਗਿਰੀਧਰ ਨੇ ਦੱਸਿਆ ਕਿ ਜਦੋਂ ਉਹ 3 ਸਾਲ ਦਾ ਸੀ ਤਾਂ ਉਸ ਨੂੰ ਅਰਥਰਾਈਟਸ ਹੋ ਗਿਆ ਸੀ। ਉਸ ਨੇ ਕਿਸੇ ਤਰ੍ਹਾਂ ਅੱਠਵੀਂ ਤੱਕ ਦੀ ਪੜ੍ਹਾਈ ਕੀਤੀ ਪਰ ਉਸ ਤੋਂ ਅੱਗੇ ਉਹ ਨਹੀਂ ਪੜ੍ਹ ਸਕਿਆ। ਉਹ ਇਲਾਜ ਕਰਵਾ ਰਿਹਾ ਹੈ ਅਤੇ ਦਵਾਈਆਂ ਖਾ ਕੇ ਖੇਤਾਂ ਦੀ ਗੋਡੀ ਕਰਦਾ ਹੈ। ਭੈਣ ਸੁਜਾਤਾ ਨੇ ਦੱਸਿਆ ਕਿ ਮੈਂ ਅਤੇ ਮੇਰਾ ਭਰਾ ਮਾਂ ਨਾਲ ਰਹਿੰਦੇ ਹਾਂ। ਮਾਂ ਦੀ ਉਮਰ ਲਗਭਗ 70 ਸਾਲ ਹੈ। ਅਸੀਂ ਜੈਵਿਕ ਖੇਤੀ ਕਰਦੇ ਹਾਂ ਅਤੇ ਉਸ ਨੂੰ ਮਾਂ ਬਾਜ਼ਾਰ ’ਚ ਵੇਚਣ ਜਾਂਦੀ ਹੈ। ਅਸੀਂ ਖੇਤ ਦੀ ਵਾਹੀ ਕਰਨ ਲਈ ਪਸ਼ੂ ਜਾਂ ਦੂਜੇ ਸਾਧਨਾਂ ਦੀ ਵਰਤੋਂ ਨਹੀਂ ਕਰ ਸਕਦੇ, ਇਸ ਲਈ ਆਪਣੇ ਹੱਥਾਂ ਨਾਲ ਖੁਦ ਖੇਤਾਂ ਦੀ ਵਾਹੀ ਕਰਦੇ ਹਾਂ। ਅਸੀਂ ਰੋਜ਼ 2 ਘੰਟੇ ਸਵੇਰੇ ਅਤੇ 2 ਘੰਟੇ ਸ਼ਾਮ ਨੂੰ ਖੇਤਾਂ ਨੂੰ ਵਾਹੁਣ ਦਾ ਕੰਮ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਵਾਲਾ ਟਿਲਰ ਲੈਣ ਗਏ ਸੀ ਪਰ ਕੁਝ ਹਾਸਲ ਨਹੀਂ ਹੋਇਆ।


Iqbalkaur

Content Editor

Related News