ਵਿਜੇ ਮਾਲਿਆ ਨੂੰ ਭਾਰਤ ਭੇਜ ਰਿਹਾ ਹੈ ਬ੍ਰਿਟੇਨ
Wednesday, Jun 03, 2020 - 10:58 PM (IST)
ਨਵੀਂ ਦਿੱਲੀ (ਇੰਟ) : ਭਗੋੜਾ ਕਾਰੋਬਾਰੀ ਵਿਜੇ ਮਾਲਿਆ ਕਿਸੇ ਵੇਲੇ ਵੀ ਭਾਰਤ ਪਹੁੰਚ ਸਕਦਾ ਹੈ। ਮੁੰਬਈ 'ਚ ਉਸ ਦੇ ਵਿਰੁੱਧ ਮੁਕੱਦਮਾ ਦਰਜ ਹੈ, ਇਸ ਲਈ ਉਸ ਨੂੰ ਮੁੰਬਈ ਹੀ ਲਿਆਇਆ ਜਾਵੇਗਾ। ਜਾਂਚ ਏਜੰਸੀਆਂ ਦੇ ਕੁਝ ਸੂਤਰਾਂ ਨੇ ਸੰਕੇਤ ਦਿੱਤੇ ਹਨ ਕਿ ਮਾਲਿਆ ਦਾ ਜਹਾਜ਼ ਬੁੱਧਵਾਰ ਰਾਤ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਰ ਸਕਦਾ ਹੈ। ਜੇਕਰ ਉਹ ਰਾਤ 'ਚ ਮੁੰਬਈ ਪਹੁੰਚਿਆ ਤਾਂ ਉਸ ਨੂੰ ਕੁਝ ਦੇਰ ਸੀ.ਬੀ.ਆਈ. ਆਫਿਸ 'ਚ ਰੱਖਿਆ ਜਾਵੇਗਾ। ਦੱਸ ਦੇਈਏ ਕਿ ਉਸ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਦਰਅਸਲ ਯੂ.ਕੇ. ਕੋਰਟ ਨੇ 14 ਮਈ ਨੂੰ ਮਾਲਿਆ ਦੇ ਭਾਰਤ ਹਵਾਲਗੀ 'ਤੇ ਆਖਿਰੀ ਮੁਹਰ ਲਗਾਈ ਸੀ। ਨਿਯਮ ਮੁਤਾਬਕ, ਭਾਰਤ ਸਰਕਾਰ ਨੂੰ ਮਾਲਿਆ ਨੂੰ ਉਸ ਤਾਰੀਖ ਤੋਂ 28 ਦਿਨ ਦੇ ਅੰਦਰ ਬ੍ਰਿਟੇਨ ਤੋਂ ਲੈ ਜਾਣਾ ਹੈ। ਅਜਿਹੇ 'ਚ 20 ਦਿਨ ਗੁਜਰ ਚੁੱਕੇ ਹਨ। ਉੱਥੇ ਦੂਜੇ ਪਾਸੇ, ਹਵਾਲਗੀ ਦੀ ਸਾਰੀ ਕਾਨੂੰਨੀ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ। ਅਜਿਹੇ 'ਚ ਮਾਲਿਆ ਨੂੰ ਕਦੇ ਵੀ ਭਾਰਤ ਲਿਆਇਆ ਜਾ ਸਕਦਾ ਹੈ।
ਮਾਲਿਆ ਦੇ ਮੁੰਬਈ ਪਹੁੰਚਦੇ ਹੀ ਮੈਡੀਕਲ ਟੀਮ ਉਸ ਦੀ ਸਿਹਤ ਦੀ ਜਾਂਚ ਕਰੇਗੀ। ਸੂਤਰਾਂ ਨੇ ਦੱਸਿਆ ਕਿ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ.ਬੀ.ਆਈ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਕੁਝ ਅਧਿਕਾਰੀ ਜਹਾਜ਼ 'ਚ ਮਾਲਿਆ ਨਾਲ ਹੋਣਗੇ। ਜੇਕਰ ਮਾਲਿਆ ਦਿਨ 'ਚ ਭਾਰਤ ਪਹੁੰਚੇਗਾ ਤਾਂ ਉਸ ਨੂੰ ਏਅਰਪੋਰਟ ਤੋਂ ਸਿੱਧੇ ਕੋਰਟ ਲਿਆਇਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਕੋਰਟ 'ਚ ਸੀ.ਬੀ.ਆਈ. ਅਤੇ ਈ.ਡੀ., ਦੋਵਾਂ ਏਜੰਸੀਆਂ ਉਸ ਦੇ ਰਿਮਾਂਡ ਦੀ ਮੰਗ ਕਰਨਗੀਆਂ।