ਫੌਜ ਲਈ 1560 ਕਰੋੜ ਰੁਪਏ ’ਚ ਖਰੀਦੇ ਜਾਣਗੇ ਪੁਲ ਬਣਾਉਣ ਵਾਲੇ ਟੈਂਕ
Tuesday, Jan 21, 2025 - 11:57 PM (IST)
ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਫੌਜ ਲਈ 47 ਟੈਂਕ-72 (ਬ੍ਰਿਜ ਲੇਇੰਗ ਟੈਂਕ ਬੀ. ਐੱਲ. ਟੀ.) ਦੀ ਖਰੀਦ ਲਈ ਆਰਮਡ ਵ੍ਹੀਕਲ ਕਾਰਪੋਰੇਸ਼ਨ ਲਿਮਟਿਡ ਦੀ ਇਕਾਈ ਹੈਵੀ ਵ੍ਹੀਕਲ ਫੈਕਟਰੀ ਨਾਲ 1560 ਕਰੋੜ ਰੁਪਏ ਦੇ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ।
ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ ਇਥੇ ਦੱਸਿਆ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਹਾਜ਼ਰੀ ’ਚ ਰੱਖਿਆ ਮੰਤਰਾਲਾ ਅਤੇ ਹੈਵੀ ਵ੍ਹੀਕਲ ਫੈਕਟਰੀ ਅਤੇ ਆਰਮਡ ਵ੍ਹੀਕਲ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਨੇ ਇਸ ਸਮਝੌਤੇ ’ਤੇ ਹਸਤਾਖਰ ਕੀਤੇ।
ਬ੍ਰਿਜ ਲੇਇੰਗ ਟੈਂਕ ਇਕ ਮਹੱਤਵਪੂਰਨ ਉਪਕਰਨ ਹੈ ਜਿਸ ਦੀ ਵਰਤੋਂ ਫੌਜ ਵੱਲੋਂ ਹਮਲਾਵਰ ਅਤੇ ਰਖਿਆਤਮਕ ਆਪ੍ਰੇਸ਼ਨਾਂ ਦੌਰਾਨ ਪੁਲਾਂ ਦੀ ਉਸਾਰੀ ਕਰਨ ਲਈ ਕੀਤੀ ਜਾਂਦੀ ਹੈ। ਇਹ ਟੈਂਕ ਅਤੇ ਬਖਤਰਬੰਦ ਵਾਹਨਾਂ ਦੇ ਬੇੜੇ ਨੂੰ ਅਟੁੱਟ ਪੁਲ ਬਣਾਉਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ। ਇਸ ਨਾਲ ਜੰਗ ਦੇ ਮੈਦਾਨ ’ਚ ਗਤੀਸ਼ੀਲਤਾ ਅਤੇ ਹਮਲਾ ਕਰਨ ਦੀ ਸਮਰੱਥਾ ਵਧਦੀ ਹੈ। ਇਸ ਸਮਝੌਤੇ ਤਹਿਤ ਖਰੀਦ (ਭਾਰਤੀ-ਸਵਦੇਸ਼ੀ ਤੌਰ ’ਤੇ ਡਿਜ਼ਾਈਨ, ਵਿਕਸਤ ਅਤੇ ਨਿਰਮਿਤ) ਹੋਣ ਨਾਲ ਰੱਖਿਆ ਖੇਤਰ ’ਚ ‘ਮੇਕ ਇਨ ਇੰਡੀਆ’ ਪਹਿਲ ਨੂੰ ਉਤਸ਼ਾਹ ਮਿਲੇਗਾ।