BRICS ਆਗੂਆਂ ਲਈ PM ਮੋਦੀ ਨੇ ਰੱਖਿਆ ਖ਼ਾਸ Dinner ! ਚੀਨੀ ਰਾਸ਼ਟਰਪਤੀ ਨੇ ਨਹੀਂ ਕੀਤੀ ਸ਼ਿਰਕਤ, ਜਾਣੋ ਵਜ੍ਹਾ
Sunday, Sep 13, 2026 - 12:23 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬ੍ਰਿਕਸ ਸੰਮੇਲਨ ਦੇ ਪਹਿਲੇ ਦਿਨ ਦੀ ਸਮਾਪਤੀ 'ਤੇ ਖ਼ਾਸ ਡਿਨਰ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ਼ ਖਾਲਿਦ ਬਿਨ ਮੁਹੰਮਦ ਸਮੇਤ ਕੁਝ ਪ੍ਰਮੁੱਖ ਨੇਤਾ ਸ਼ਾਮਲ ਨਹੀਂ ਹੋਏ। ਇਸ ਮਗਰੋਂ ਚਰਚਾ ਛਿੜ ਗਈ ਕਿ ਕਿਤੇ ਕੋਈ ਵਿਵਾਦ ਤਾਂ ਨਹੀਂ ਹੋਇਆ, ਜਿਸ ਕਾਰਨ ਚੀਨੀ ਰਾਸ਼ਟਰਪਤੀ ਸਣੇ ਕਈ ਨੇਤਾਵਾਂ ਨੇ ਇਸ ਡਿਨਰ 'ਚ ਸ਼ਮੂਲੀਅਤ ਨਹੀਂ ਕੀਤੀ।
ਪਰ ਲੰਬੇ ਸਫ਼ਰ ਅਤੇ ਟਾਈਮਜ਼ੋਨ ਕਾਰਨ ਹੋਈ ਥਕਾਵਟ ਨੂੰ ਇਸ ਦਾ ਮੁੱਖ ਕਾਰਨ ਦੱਸਿਆ ਗਿਆ ਹੈ। ਸੂਤਰਾਂ ਅਨੁਸਾਰ, ਚੀਨੀ ਰਾਸ਼ਟਰਪਤੀ ਸ਼ਨੀਵਾਰ ਦੁਪਹਿਰ ਨੂੰ ਹੀ ਦਿੱਲੀ ਪਹੁੰਚੇ ਸਨ ਅਤੇ ਉਤਰਦੇ ਹੀ ਬ੍ਰਿਕਸ ਸੰਮੇਲਨ ਦੀਆਂ ਬੈਠਕਾਂ ਅਤੇ ਪੀ.ਐੱਮ. ਮੋਦੀ ਨਾਲ ਦੁਵੱਲੀ ਗੱਲਬਾਤ ਵਿੱਚ ਰੁੱਝ ਗਏ। ਲੰਬੀ ਫਲਾਈਟ ਅਤੇ ਲਗਾਤਾਰ ਰੁਝੇਵਿਆਂ ਕਾਰਨ ਜ਼ਿਆਦਾ ਥੱਕ ਜਾਣ ਕਰ ਕੇ ਉਹ ਰਾਤ ਦੇ ਖਾਣੇ 'ਚ ਸ਼ਾਮਲ ਨਹੀਂ ਹੋ ਸਕੇ। ਹਾਲਾਂਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਬ੍ਰਿਕਸ ਦੇਸ਼ਾਂ ਦੇ ਬਾਕੀ ਜ਼ਿਆਦਾਤਰ ਨੇਤਾਵਾਂ ਨੇ ਇਸ ਰਾਤ ਦੇ ਖਾਣੇ ਵਿੱਚ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ- US-ਇਰਾਨ ਦੀ ਜੰਗ ਖ਼ਤਮ ਕਰਵਾਏਗਾ BRICS ! ਜਿਨਪਿੰਗ ਨੇ ਮੈਂਬਰ ਦੇਸ਼ਾਂ ਨੂੰ ਦਿੱਤਾ 'ਸ਼ਾਂਤੀਦੂਤ' ਬਣਨ ਦਾ ਪੈਗ਼ਾਮ
ਭਾਰਤ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਪੀਯੂਸ਼ ਗੋਇਲ, ਅਸ਼ਵਿਨੀ ਵੈਸ਼ਨਵ, ਸ਼ਿਵਰਾਜ ਸਿੰਘ ਚੌਹਾਨ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਯੋਗੀ ਆਦਿਤਿਆਨਾਥ, ਦੇਵੇਂਦਰ ਫੜਨਵੀਸ, ਹਿਮੰਤਾ ਬਿਸਵਾ ਸਰਮਾ ਸਣੇ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਇਸ ਡਿਨਰ 'ਚ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹੋਈ ਦੁਵੱਲੀ ਬੈਠਕ 'ਚ ਪੀ.ਐੱਮ. ਮੋਦੀ ਅਤੇ ਸ਼ੀ ਜਿਨਪਿੰਗ ਨੇ ਭਾਰਤ-ਚੀਨ ਸਬੰਧਾਂ ਦਾ ਜਾਇਜ਼ਾ ਲਿਆ। ਵਿਦੇਸ਼ ਮੰਤਰਾਲੇ ਅਨੁਸਾਰ, ਦੋਵਾਂ ਨੇਤਾਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਤਭੇਦਾਂ ਨੂੰ ਵਿਵਾਦ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ ਅਤੇ ਦੋਹਾਂ ਦੇਸ਼ਾਂ ਨੂੰ ਲੰਬੇ ਸਮੇਂ ਦੇ ਰਣਨੀਤਕ ਦ੍ਰਿਸ਼ਟੀਕੋਣ ਨਾਲ ਅੱਗੇ ਵਧਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿੰਨ ਮੁੱਖ ਸਿਧਾਂਤਾਂ- ਆਪਸੀ ਸਤਿਕਾਰ, ਆਪਸੀ ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਦੋ-ਦਿਨਾ ਬ੍ਰਿਕਸ ਸੰਮੇਲਨ ਦਾ ਐਤਵਾਰ ਆਖਰੀ ਦਿਨ ਹੈ, ਜਦੋਂ ਪ੍ਰਧਾਨ ਮੰਤਰੀ ਮੋਦੀ 7 ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀਆਂ ਬੈਠਕਾਂ ਕਰਨਗੇ।
ਇਹ ਵੀ ਪੜ੍ਹੋ- ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
