ਚੀਨੀ ਰਾਸ਼ਟਰਪਤੀ ਜਿਨਪਿੰਗ ਅੱਜ ਪਹੁੰਚਣਗੇ ਭਾਰਤ, PM ਮੋਦੀ ਨਾਲ ਕਰਨਗੇ ਦੁਵੱਲੀ ਗੱਲਬਾਤ
Saturday, Sep 12, 2026 - 02:32 AM (IST)
ਬੀਜਿੰਗ - ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਨੀਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਣ ਵਾਲੀ ਦੁਵੱਲੀ ਵਾਰਤਾ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਬ੍ਰਿਕਸ ਸਹਿਯੋਗ ਨੂੰ ਨਵੀਂ ਗਤੀ ਪ੍ਰਦਾਨ ਕਰਨ ਦਾ ਅਵਸਰ ਮਿਲੇਗਾ। ਜਿਨਪਿੰਗ ਸ਼ਨੀਵਾਰ ਬ੍ਰਿਕਸ ਸੰਮੇਲਨ ’ਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਪਹੁੰਚਣਗੇ। 7 ਸਾਲਾਂ ’ਚ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ। ਸੰਮੇਲਨ ਤੋਂ ਇਲਾਵਾ ਚੀਨੀ ਰਾਸ਼ਟਰਪਤੀ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਵਾਰਤਾ ਵੀ ਪ੍ਰਸਤਾਵਿਤ ਹੈ।
ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰੀ ਮਾਓ ਨਿੰਗ ਨੇ ਕਿਹਾ ਕਿ ਚੀਨ, ਦੁਵੱਲੇ ਸਬੰਧਾਂ ਨੂੰ ਰਣਨੀਤਕ ਅਤੇ ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਦੇਖੇਗਾ, ਸੰਵਾਦ ਅਤੇ ਸਹਿਯੋਗ ਮਜ਼ਬੂਤ ਕਰੇਗਾ ਤਾਂ ਜੋ ਮਤਭੇਦਾਂ ਨੂੰ ਢੁੱਕਵੇਂ ਤਰੀਕੇ ਨਾਲ ਸੁਲਝਾਇਆ ਜਾ ਸਕੇ। ਫਿੱਕੀ (ਐੱਫ. ਆਈ. ਸੀ. ਸੀ. ਆਈ) ਦੀ ਚੀਨ ਸ਼ਾਖਾ ਦੇ ਕਾਰਜਕਾਰੀ ਡਾਇਰੈਕਟਰ ਅਤੁਲ ਦਲਾਕੋਟੀ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਜਦੋਂ ਵੀ ਇਹ ਦੋਵੇਂ ਆਗੂ ਮਿਲੇ ਹਨ ਤਾਂ ਨਤੀਜੇ ਹਮੇਸ਼ਾ ਬਹੁਤ ਚੰਗੇ ਰਹੇ ਹਨ। ਇਸ ਲਈ, ਉਨ੍ਹਾਂ ਵਿਚਕਾਰ ਬਿਹਤਰ ਆਪਸੀ ਤਾਲਮੇਲ ਹੈ।” ਦਲਾਕੋਟੀ ਨੇ ਕਿਹਾ ਕਿ ਅੱਗੇ ਵਧਣ ਲਈ ਸ਼ਾਂਤੀਪੂਰਨ ਸਰਹੱਦ ਇਕ ‘ਜ਼ਰੂਰੀ ਸ਼ਰਤ’ ਹੈ, ਜਦਕਿ ਵਪਾਰ ਵਿਚ ਬਿਹਤਰ ਸੰਤੁਲਨ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਮੌਜੂਦਾ 155 ਅਰਬ ਅਮਰੀਕੀ ਡਾਲਰ ਤੋਂ ਵਧਾ ਕੇ ਅਗਲੇ 15 ਤੋਂ 20 ਸਾਲਾਂ ਵਿਚ 500 ਅਰਬ ਡਾਲਰ ਤੱਕ ਲੈ ਜਾਣ ਵਿਚ ਮਦਦ ਮਿਲ ਸਕਦੀ ਹੈ।
ਚੀਨ ਸਥਿਤ ਅੰਤਰਰਾਸ਼ਟਰੀ ਅਧਿਐਨ ਸੰਸਥਾਨ ਵਿਚ ਵਿਕਾਸਸ਼ੀਲ ਦੇਸ਼ਾਂ ਦੇ ਮਾਮਲਿਆਂ ਦੇ ਖੋਜਕਰਤਾ ਵਾਂਗ ਯੋਮਿੰਗ ਨੇ ਕਿਹਾ, “ਚੀਨ ਅਤੇ ਭਾਰਤ ਦੇ ਰਿਸ਼ਤਿਆਂ ਦੀ ਸਥਿਤੀ ਦਾ ਬ੍ਰਿਕਸ ਦੇ ਵਿਕਾਸ ’ਤੇ ਸਿੱਧਾ ਅਸਰ ਪੈਂਦਾ ਹੈ।”
