ਬ੍ਰਾਂਡਿਡ ਦੁੱਧ ਵੀ ਸਿਹਤ ਲਈ ਸੁਰੱਖਿਅਤ ਨਹੀਂ : fssai

10/18/2019 5:04:47 PM

ਨਵੀਂ ਦਿੱਲੀ — ਸਿਰਫ ਕੱਚਾ ਹੀ ਨਹੀਂ ਸਗੋਂ ਕਿਸੇ ਵੀ ਵੱਡੇ ਬ੍ਰਾਂਡ ਦਾ ਪ੍ਰੋਸੈਸਡ ਦੁੱਧ ਵੀ ਗੁਣਵੱਤਾ ਅਤੇ ਸੁਰੱਖਿਆ ਦੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ। ਇਹ ਜਾਣਕਾਰੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਦੇ ਇਕ ਅਧਿਐਨ 'ਚ ਕਹੀ ਗਈ ਹੈ। ਐੱਫ.ਐੱਸ.ਐੱਸ.ਏ.ਆਈ ਦੇਸ਼ ਵਿਚ ਖਾਣ ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਨਿਰਧਾਰਤ ਕਰਨ ਵਾਲੀ ਸਭ ਤੋਂ ਵੱਡੀ ਰੈਗੂਲੇਟਰ ਹੈ।

ਮਿਲਾਵਟ ਨਾਲੋਂ ਜ਼ਿਆਦਾ ਖਤਰਨਾਕ ਹੈ ਦੁੱਧ ਦਾ ਪ੍ਰਦੂਸ਼ਿਤ ਹੋਣਾ

ਸ਼ੁੱਕਰਵਾਰ ਨੂੰ ਅਧਿਐਨ ਦੀ ਰਿਪੋਰਟ ਜਾਰੀ ਕਰਦੇ ਹੋਏ fssai ਦੇ ਸੀ.ਈ.ਓ. ਪਵਨ ਅਗਰਵਾਲ ਨੇ ਕਿਹਾ ਕਿ ਦੁੱਧ ਵਿਚ ਮਿਲਾਵਟ ਦੀ ਸਮੱਸਿਆ ਤਾਂ ਹੈ ਹੀ ਹੈ, ਪਰ ਇਸ ਤੋਂ ਵੀ ਇਕ ਹੋਰ ਗੰਭੀਰ ਮੁੱਦਾ ਹੈ ਦੁੱਧ ਦੇ ਪ੍ਰਦੂਸ਼ਿਤ ਹੋਣ ਦਾ। ਰੈਗੂਲੇਟਰੀ ਦੇ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਦੁੱਧ ਵਿਚੋਂ ਅਫਲਾਟੋਕਸਿਨ-ਐਮ 1, ਐਂਟੀਬਾਇਓਟਿਕਸ ਅਤੇ ਕੀਟਨਾਸ਼ਕਾਂ ਵਰਗੇ ਪਦਾਰਥ ਮਿਲੇ ਹਨ ਅਤੇ ਪ੍ਰੋਸੈਸ ਕੀਤੇ ਦੁੱਧ ਵਿਚੋਂ ਇਹ ਹੋਰ ਜ਼ਿਆਦਾ ਮਿਲੇ ਹਨ। 

ਟੈਸਟਿੰਗ ਅਤੇ ਇੰਸਪੈਕਸ਼ਨ ਸਿਸਟਮ ਸਥਾਪਤ ਕਰਨ ਦੇ ਦਿੱਤੇ ਨਿਰਦੇਸ਼

ਰੈਗੂਲੇਟਰ ਨੇ ਸੰਗਠਿਤ ਡੇਅਰੀ ਉਦਯੋਗ ਨੂੰ ਗੁਣਵੱਤਾ ਦੇ ਮਿਆਰਾਂ ਦਾ ਸਖਤੀ ਨਾਲ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਰੈਗੂਲੇਟਰ ਨੇ ਪੂਰੀ ਵੈਲਯੂ ਚੇਨ 'ਚ ਇਕ ਜਨਵਰੀ 2020 ਤੱਕ ਟੈਸਟਿੰਗ ਅਤੇ ਜਾਂਚ ਪ੍ਰਣਾਲੀ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਧਿਐਨ ਲਈ ਦੁੱਧ ਦੇ 6,432 ਨਮੂਨੇ ਇਕੱਠੇ ਕੀਤੇ ਗਏ। ਮਈ ਅਤੇ ਅਕਤੂਬਰ 2018 ਵਿਚਕਾਰ ਇਹ ਨਮੂਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1,103 ਛੋਟੇ ਅਤੇ ਵੱਡੇ ਸ਼ਹਿਰਾਂ ਤੋਂ ਇਕੱਠੇ ਕੀਤੇ ਗਏ ਸਨ। ਇਹ ਨਮੂਨੇ ਦੋਹਾਂ ਸੰਗਠਿਤ ਅਤੇ ਅਸੰਗਠਿਤ ਖੇਤਰਾਂ ਤੋਂ ਲਏ ਗਏ ਸਨ।


Related News