ਖ਼ਬਰਾਂ ਦੇ ਬੁਲੇਟਿਨ ''ਚ ਦਿੱਸਿਆ ਲਾਪਤਾ ਬੇਟਾ, ਢਾਈ ਸਾਲਾਂ ਬਾਅਦ ਮਿਲੇ ਮਾਪੇ

09/18/2019 4:22:50 PM

ਕੋਲਕਾਤਾ (ਭਾਸ਼ਾ)— ਢਾਈ ਸਾਲ ਪਹਿਲਾਂ ਲਾਪਤਾ ਹੋਇਆ 13 ਸਾਲਾ ਲੜਕਾ ਇਕ ਟੀ. ਵੀ. ਪ੍ਰੋਗਰਾਮ ਦੀ ਮਦਦ ਨਾਲ ਆਪਣੇ ਪਰਿਵਾਰ ਨੂੰ ਮਿਲ ਸਕਿਆ। ਸੂਬਾ ਸਰਕਾਰ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ 13 ਸਾਲਾ ਲੜਕੇ ਦਾ ਪਰਿਵਾਰ 'ਦੂਰਦਰਸ਼ਨ ਕੋਲਕਾਤਾ' 'ਤੇ ਖ਼ਬਰਾਂ ਦਾ ਬੁਲੇਟਿਨ ਦੇਖ ਰਿਹਾ ਸੀ, ਜਿਸ 'ਚ ਪੱਛਮੀ ਬੰਗਾਲ ਦੇ ਨਾਦੀਆ ਜ਼ਿਲੇ ਵਿਚ ਮਾਨਸਿਕ ਰੂਪ ਨਾਲ ਕਮਜ਼ੋਰ ਲੋਕਾਂ ਦੇ ਇਕ ਆਸ਼ਰਮ 'ਚ ਰਹਿਣ ਵਾਲਿਆਂ ਵਿਚ ਉਨ੍ਹਾਂ ਨੇ ਆਪਣੇ ਬੇਟੇ ਨੂੰ ਦੇਖਿਆ। ਆਪਣੇ ਬੇਟੇ ਨੂੰ ਪਛਾਣਦੇ ਹੀ ਲੜਕੇ ਦੇ ਪਿਤਾ ਕਾਰਤਿਕ ਸ਼ਾਅ ਨੇ ਤੁਰੰਤ ਪੁਲਸ ਨਾਲ ਸੰਪਰਕ ਕਾਇਮ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਦੂਰਦਰਸ਼ਨ ਦੀ ਖ਼ਬਰ ਇਕਾਈ ਵਿਚ ਗੱਲ ਕੀਤੀ। 

 

ਜਾਣਕਾਰੀ ਮੁਤਾਬਕ ਜ਼ਿਲੇ ਦੇ ਨਾਕਾਸ਼ਿਪਰਾ ਇਲਾਕੇ 'ਚ ਸਥਿਤ ਆਸ਼ਰਮ ਦੇ ਸੰਚਾਲਕ ਮੋਸਲੇਮ ਮੁੰਸ਼ੀ ਨੇ ਦੱਸਿਆ ਕਿ ਲੱਗਭਗ ਡੇਢ ਸਾਲ ਪਹਿਲਾਂ ਲੜਕੇ ਨੂੰ ਜ਼ਿਲਾ ਬਾਲ ਕਲਿਆਣ ਕਮੇਟੀ ਨੇ 'ਨਿਰਮਲ ਹਿਰਦਯ' ਭੇਜ ਦਿੱਤਾ ਸੀ। ਲੜਕਾ 10 ਫਰਵਰੀ 2017 ਨੂੰ ਉੱਤਰੀ ਕੋਲਕਾਤਾ ਸਥਿਤ ਆਪਣੇ ਘਰ ਦੇ ਨੇੜੇ ਖੇਤਾਂ ਤੋਂ ਲਾਪਤਾ ਹੋ ਗਿਆ ਸੀ। ਪਿਛਲੇ ਸਾਲ ਨਾਦੀਆ ਜ਼ਿਲਾ ਪ੍ਰਸ਼ਾਸਨ ਨੂੰ ਉਹ ਕਰੀਮਪੁਰ 'ਚ ਮਿਲਿਆ ਸੀ। ਮੁੰਸ਼ੀ ਨੇ ਦੱਸਿਆ ਕਿ ਲੜਕੇ ਦੇ ਮਾਤਾ-ਪਿਤਾ ਨੇ ਮੇਰੇ ਨਾਲ ਸੰਪਰਕ ਕਾਇਮ ਕੀਤਾ, ਉਹ ਨਾਕਾਸ਼ਿਪਰਾ ਆਏ ਅਤੇ ਐਤਵਾਰ ਨੂੰ ਆਪਣੇ ਬੇਟੇ ਨੂੰ ਮਿਲੇ। ਇੰਨੇ ਲੰਬੇ ਸਮੇਂ ਬਾਅਦ ਬੇਟੇ ਨੂੰ ਦੇਖ ਕੇ ਉਹ ਭਾਵੁਕ ਹੋ ਗਏ। ਸਾਰੀ ਗੱਲਬਾਤ ਮਗਰੋਂ ਲੜਕਾ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਹੈ। 


Tanu

Content Editor

Related News