ਬੰਬੇ ਹਾਈ ਕੋਰਟ ਦਾ ਫ਼ੈਸਲਾ, ਪਿਤਾ ਦੇ ਦੂਜੇ ਵਿਆਹ ਨੂੰ ਧੀ ਦੇ ਸਕਦੀ ਹੈ ਚੁਣੌਤੀ
Saturday, Mar 20, 2021 - 10:25 AM (IST)
ਮੁੰਬਈ- ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਇਕ ਧੀ ਆਪਣੇ ਪਿਤਾ ਦੇ ਦੂਜੇ ਵਿਆਹ ਦੀ ਜਾਇਜ਼ਤਾ ਨੂੰ ਅਦਾਲਤ ਵਿਚ ਚੁਣੌਤੀ ਦੇ ਸਕਦੀ ਹੈ। ਜਸਟਿਸ ਆਰ. ਡੀ. ਧਨੁਕਾ ਅਤੇ ਜਸਟਿਸ ਵੀ. ਜੀ. ਬਿਸ਼ਟ ਦੀ ਬੈਂਚ ਨੇ ਬੁੱਧਵਾਰ ਇਹ ਫੈਸਲਾ ਸੁਣਾਉਂਦਿਆਂ 66 ਸਾਲਾ ਉਸ ਜਨਾਨੀ ਦੀ ਪਟੀਸ਼ਨ ਸਵੀਕਾਰ ਕਰ ਲਈ, ਜਿਸ ਨੇ ਪਰਿਵਾਰ ਅਦਾਲਤ ਦੇ ਇਕ ਹੁਕਮ ਨੂੰ ਚੁਣੌਤੀ ਦਿੱਤੀ ਸੀ। ਅਸਲ ’ਚ ਪਰਿਵਾਰ ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਸੀ ਕਿ ਵਿਆਹੁਤਾ ਰਿਸ਼ਤੇ ਦੀਆਂ ਸਬੰਧਤ ਧਿਰਾਂ ਹੀ ਵਿਆਹ ਦੀ ਜਾਇਜ਼ਤਾ ਨੂੰ ਚੁਣੌਤੀ ਦੇ ਸਕਦੀਆਂ ਹਨ।
ਇਹ ਵੀ ਪੜ੍ਹੋ : ਇਤਿਹਾਸਕ ਫ਼ੈਸਲਾ : 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕੇਸ 'ਚ ਦੋਸ਼ੀ ਨੂੰ 26 ਦਿਨਾਂ 'ਚ ਫਾਂਸੀ ਦੀ ਸਜ਼ਾ
ਜਨਾਨੀ ਨੇ ਆਪਣੇ (ਸਵਰਗੀ) ਪਿਤਾ ਦੇ ਦੂਜੇ ਵਿਆਹ ਦੀ ਜਾਇਜ਼ਤਾ ਨੂੰ ਚੁਣੌਤੀ ਦਿੰਦਿਆਂ 2016 ਵਿਚ ਪਰਿਵਾਰ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਜਨਾਨੀ ਨੇ ਪਟੀਸ਼ਨ ਵਿਚ ਕਿਹਾ ਕਿ ਉਸ ਦੇ ਪਿਤਾ ਨੇ ਉਸ ਦੀ ਮਾਂ ਦੀ 2003 ਵਿਚ ਮੌਤ ਹੋਣ ਜਾਣ ਤੋਂ ਬਾਅਦ ਦੂਜਾ ਵਿਆਹ ਕਰਵਾ ਲਿਆ ਸੀ ਪਰ ਪਿਤਾ ਦੀ ਮੌਤ ਹੋ ਜਾਣ ’ਤੇ 2016 ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਤਰੇਈ ਮਾਂ ਨੇ ਆਪਣੇ ਪਿਛਲੇ ਵਿਆਹ ਤੋਂ ਤਲਾਕ ਨੂੰ ਹੁਣ ਤਕ ਅੰਤਿਮ ਰੂਪ ਨਹੀਂ ਦਿੱਤਾ। ਜਨਾਨੀ ਨੇ ਪਟੀਸ਼ਨ ਵਿਚ ਕਿਹਾ ਕਿ ਇਸ ਲਈ ਉਸ ਦੇ ਪਿਤਾ ਦੇ ਦੂਜੇ ਵਿਆਹ ਨੂੰ ਜਾਇਜ਼ ਨਹੀਂ ਮੰਨਿਆ ਜਾ ਸਕਦਾ।
ਇਹ ਵੀ ਪੜ੍ਹੋ : ਪਤਨੀ ਨੂੰ ਵਿਦਾ ਕਰਨ ਤੋਂ ਇਨਕਾਰ ਕਰਨ 'ਤੇ ਜਵਾਈ ਨੇ ਗੁੱਸੇ 'ਚ ਕਰ ਦਿੱਤਾ ਸੱਸ ਦਾ ਕਤਲ
ਹਾਲਾਂਕਿ ਜਨਾਨੀ ਦੀ ਸੌਤੇਲੀ ਮਾਂ ਨੇ ਪਰਿਵਾਰ ਅਦਾਲਤ 'ਚ ਦਲੀਲ ਦਿੱਤੀ ਕਿ ਪਟੀਸ਼ਨਕਰਤਾ ਨੂੰ ਇਸ ਵਿਸ਼ੇ 'ਚ ਦਖਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਵਿਆਹੁਤਾ ਸੰਬੰਧ 'ਚ ਸਿਰਫ਼ 2 ਪੱਖ (ਪਤੀ ਅਤੇ ਪਤਨੀ) ਹੀ ਅਜਿਹੇ ਹੁੰਦੇ ਹਨ, ਜੋ ਇਸ ਦੀ ਜਾਇਜ਼ਤਾ ਨੂੰ ਕੋਰਟ 'ਚ ਚੁਣੌਤੀ ਦੇ ਸਕਦੇ ਹਨ। ਹਾਲਾਂਕਿ, ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸ ਜਨਾਨੀ ਦੇ ਤਲਾਕ ਬਾਰੇ ਸੱਚਾਈ ਦਾ ਪਤਾ ਲਗਾਇਆ ਅਤੇ ਉਸ ਨੇ ਇਹ ਪਤਾ ਲੱਗਣ ਦੇ ਤੁਰੰਤ ਬਾਅਦ ਪਰਿਵਾਰ ਅਦਾਲਤ ਦਾ ਰੁਖ ਕੀਤਾ ਸੀ। ਅਦਾਲਤ ਨੇ ਕਿਹਾ ਸੀ ਕਿ ਕਿਉਂਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ, ਇਸ ਲਈ ਅਸੰਗਤ ਤੱਥ ਨੂੰ ਉਸ ਨੇ ਹੀ ਸਾਹਮਣੇ ਲਿਆਉਣਾ ਸੀ ਅਤੇ ਇਸ ਤਰ੍ਹਾਂ ਦੇ ਵਿਆਹ ਦੀ ਜਾਇਜ਼ਤਾ ਨੂੰ ਚੁਣੌਤੀ ਦੇਣੀ ਸੀ। ਬੈਂਚ ਨੇ ਕਿਹਾ ਕਿ ਪਰਿਵਾਰ ਅਦਾਲਤ ਆਪਣੇ ਫ਼ੈਸਲੇ 'ਚ ਗਲਤ ਸੀ। ਹਾਈ ਕੋਰਟ ਨੇ ਪਟੀਸ਼ਨ 'ਤੇ ਨਵੇਂ ਸਿਰੇ ਤੋਂ ਫ਼ੈਸਲਾ ਕਰਨ ਲਈ ਉਸ ਨੂੰ ਪਰਿਵਾਰ ਅਦਾਲਤ ਕੋਲ ਵਾਪਸ ਭੇਜ ਦਿੱਤਾ।
ਇਹ ਵੀ ਪੜ੍ਹੋ : ਝੂਠੀ ਸ਼ਾਨ ਖ਼ਾਤਰ ਪਿਓ ਅਤੇ ਚਾਚੇ ਨੇ ਧੀ ਦਾ ਗਲ਼ਾ ਘੁੱਟ ਕੀਤਾ ਕਤਲ