ਕੁੱਤੇ ਦੇ ਮੂੰਹ ''ਚ ਨਜ਼ਰ ਆਇਆ ਮਨੁੱਖੀ ਹੱਥ, ਸ਼ਹਿਰ ''ਚੋਂ ਮਿਲੇ ਲਾਸ਼ ਦੇ ਟੁਕੜੇ
Saturday, Aug 09, 2025 - 09:30 PM (IST)

ਬੰਗਲੁਰੂ : ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਦੇ ਚਿੰਪਗਨਾਹੱਲੀ ਨੇੜੇ ਵੀਰਵਾਰ ਦੀ ਸਵੇਰ ਉਸ ਸਮੇਂ ਦਹਿਸ਼ਤ ਵਿੱਚ ਬਦਲ ਗਈ ਜਦੋਂ ਇੱਕ ਅਵਾਰਾ ਕੁੱਤਾ ਝਾੜੀਆਂ ਵਿੱਚੋਂ ਇੱਕ ਵੱਢਿਆ ਹੋਇਆ ਮਨੁੱਖੀ ਹੱਥ ਮੂੰਹ ਵਿੱਚ ਲੈ ਕੇ ਨਿਕਲਿਆ, ਜਿਸ ਨੂੰ ਦੇਖ ਇੱਕ ਰਾਹਗੀਰ ਹੈਰਾਨ ਰਹਿ ਗਿਆ। ਰਾਹਗੀਰ ਨੇ ਇਹ ਖੌਫ਼ਨਾਕ ਨਜ਼ਾਰਾ ਉਦੋਂ ਦੇਖਿਆ ਜਦੋਂ ਕੁੱਤਾ ਕੋਰਾਟਾਗੇਰੇ ਅਤੇ ਕੋਲਾਲਾ ਦੇ ਵਿਚਕਾਰ ਸੜਕ ਪਾਰ ਕਰ ਰਿਹਾ ਸੀ ਅਤੇ ਉਸਦੇ ਜਬਾੜਿਆਂ ਤੋਂ ਮਨੁੱਖੀ ਅੰਗ ਲਟਕ ਰਿਹਾ ਸੀ। ਇਸ ਬਾਰੇ ਰਾਹਗੀਰ ਵਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ । ਇਹ ਘਟਨਾ ਤੁਮਕੁਰੂ ਜ਼ਿਲ੍ਹੇ ਦੇ ਚਿੰਪਗਨਾਹਲੀ ਪਿੰਡ ਦੇ ਨੇੜੇ ਦੀ ਹੈ, ਜੋ ਕਿ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਦੇ ਹਲਕੇ ਵਿੱਚ ਆਉਂਦਾ ਹੈ। ਇਸ ਕਾਰਨ ਪੁਲਿਸ ਨੇ ਇਸਨੂੰ ਹੋਰ ਗੰਭੀਰਤਾ ਨਾਲ ਲਿਆ ਹੈ।
ਪੁਲਸ ਨੂੰ ਮਿਲੇ ਲਾਸ਼ ਦੇ ਹੋਰ ਟੁਕੜੇ
ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ 3 ਕਿਲੋਮੀਟਰ ਦੇ ਘੇਰੇ ਵਿੱਚ ਪੰਜ ਥਾਵਾਂ 'ਤੇ ਮਨੁੱਖੀ ਸਰੀਰ ਦੇ ਹੋਰ ਟੁਕੜੇ ਮਿਲੇ, ਜਿਨ੍ਹਾਂ 'ਚ ਦੋ ਹੱਥ, ਦੋ ਹਥੇਲੀਆਂ, ਮਾਸ ਦਾ ਇੱਕ ਟੁਕੜਾ ਅਤੇ ਅੰਤੜੀਆਂ ਦੇ ਕੁਝ ਹਿੱਸੇ ਸ਼ਾਮਲ ਸਨ, ਜੋ ਕਿ ਸੜੇ ਹੋਏ ਹਾਲਤ ਵਿੱਚ ਸਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ "ਲਾਸ਼ ਦੇ ਇਹ ਟੁਕੜੇ ਹਾਲ ਹੀ ਵਿੱਚ ਸੁੱਟੇ ਗਏ ਜਾਪਦੇ ਹਨ, ਪਰ ਇਨ੍ਹਾਂ ਵਿੱਚ ਸੜਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਕੁਝ ਦਿਨ ਪਹਿਲਾਂ ਦੇ ਹੋ ਸਕਦੇ ਹਨ। ਬੰਗਲੁਰੂ ਤੋਂ ਇੱਕ ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਟੀਮ ਤਾਇਨਾਤ ਕੀਤੀ ਗਈ ਹੈ ਅਤੇ ਇਨ੍ਹਾਂ ਟੀਮਾਂ ਵਲੋਂ ਸਾਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ । ਪੁਲਿਸ ਅਧਿਕਾਰੀ ਨੇ ਕਿਹਾ ਕਿ "ਅਸੀਂ ਬੰਗਲੁਰੂ, ਤੁਮਾਕੁਰੂ, ਰਾਮਨਗਰ ਅਤੇ ਚਿੱਕਾਬੱਲਾਪੁਰ ਤੋਂ ਲਾਪਤਾ ਵਿਅਕਤੀਆਂ ਬਾਰੇ ਜਾਣਕਾਰੀ ਲਈ ਪੁਲਿਸ ਕੰਟਰੋਲ ਰੂਮ ਰਾਹੀਂ ਅਲਰਟ ਭੇਜ ਦਿੱਤੇ ਹਨ।"