BMW ਕਾਰ ਜਦੋਂ ਬਣ ਗਈ ਅੱਗ ਦਾ ਗੋਲਾ, ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ
Sunday, Jun 12, 2022 - 01:39 PM (IST)
ਸੁਲਤਾਨਪੁਰ– ਲਖਨਊ-ਵਾਰਾਣਸੀ ਨੈਸ਼ਨਲ ਹਾਈਵੇਅ ’ਤੇ ਇਕ ਚੱਲਦੀ ਹੋਈ BMW ਕਾਰ ’ਚ ਅੱਗ ਲੱਗ ਗਈ। ਚਸ਼ਮਦੀਦਾਂ ਮੁਤਾਬਕ ਕਾਰ ਦੇ ਡਰਾਈਵਰ ਨੇ ਕਾਰ ਤੋਂ ਛਾਲ ਮਾਰ ਕੇ ਜਾਨ ਬਚਾਈ। ਚਸ਼ਮਦੀਦਾਂ ਨੇ ਦੱਸਿਆ ਕਿ ਲਖਨਊ-ਵਾਰਾਣਸੀ ਨੈਸ਼ਨਲ ਹਾਈਵੇਅ ’ਤੇ ਕੋਤਵਾਲੀ ਨਗਰ ਦੇ ਅਮਹਟ ਸਥਿਤ ਪੁਲਸ ਸਿਖਲਾਈ ਕੈਂਪ ਕੋਲ ਚੱਲਦੀ ਹੋਈ BMW ਕਾਰ ਅੱਗ ਦਾ ਗੋਲਾ ਬਣ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੀ ਰਾਤ ਲੱਗਭਗ 11.30 ਵਜੇ ਦੀ ਹੈ।
ਘਟਨਾ ਤੋਂ ਤੁਰੰਤ ਬਾਅਦ ਆਲੇ-ਦੁਆਲੇ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਡਰਾਈਵਰ ਨੇ ਕਾਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਲੋਕਾਂ ਨੇ ਹਾਈਵੇਅ ’ਤੇ ਬੈਰੀਕੇਡ ਲਾ ਕੇ ਇੱਧਰ-ਉੱਧਰ ਤੋਂ ਲੰਘ ਰਹੇ ਦੂਜੇ ਵਾਹਨਾਂ ਨੂੰ ਸੁਰੱਖਿਅਤ ਕੀਤਾ। ਇਸ ਦਰਮਿਆਨ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਕੀਤੀ।ਉੱਥੇ ਹੀ ਲੋਕਾਂ ਦੀ ਸੂਚਨਾ ’ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ਨੂੰ ਬੁਝਾਇਆ।
ਗਾਜ਼ੀਪੁਰ ਦੇ ਰਹਿਣ ਵਾਲੇ ਕਾਰ ਦੇ ਡਰਾਈਵਰ ਮੁਹੰਮਦ ਇਮਰਾਨ ਨੇ ਦੱਸਿਆ ਕਿ ਕਾਰ ਵਾਰਾਣਸੀ ਦੇ ਇਕ ਵਿਅਕਤੀ ਦੀ ਹੈ। ਉਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਹ ਗੱਡੀ ਸਰਵਿਸਿੰਗ ਕਰਾਉਣ ਲਈ ਲਖਨਊ ਲੈ ਕੇ ਗਿਆ ਸੀ ਅਤੇ ਸਰਵਿਸ ਕਰਵਾ ਕੇ ਜਦੋਂ ਉਹ ਵਾਪਸ ਪਰਤ ਰਿਹਾ ਸੀ ਤਾਂ ਇੱਥੇ ਕਾਰ ਦਾ ਇੰਜਣ ਲੌਕ ਹੋਣ ਲੱਗਾ, ਜਦੋਂ ਤੱਕ ਮੈਂ ਕੁਝ ਸਮਝ ਸਕਦਾ ਅਤੇ ਗੱਡੀ ਰੋਕਣ ਦੀ ਕੋਸ਼ਿਸ਼ ਕਰਦਾ ਉਦੋਂ ਤੱਕ ਅੱਗੇ ਤੋਂ ਧੂੰਆਂ ਨਿਕਲਣ ਲੱਗਾ ਅਤੇ ਫਿਰ ਉਸ ’ਚ ਅੱਗ ਲੱਗ ਗਈ।