UP 'ਚ ਬਘਿਆੜਾਂ ਦਾ ਖੂਨੀ ਖੇਲ੍ਹ, 9 ਬੱਚਿਆਂ ਸਣੇ 11 ਦੀ ਲਈ ਜਾਨ
Thursday, Dec 18, 2025 - 12:44 PM (IST)
ਨੈਸ਼ਨਲ ਡੈਸਕ : ਉਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਆਦਮਖੋਰ ਬਘਿਆੜਾਂ (ਭੇੜੀਆਂ) ਦੇ ਆਤੰਕ ਨੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬਘਿਆੜਾਂ ਦੇ ਆਤੰਕ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਡਰਨ ਲੱਗੇ ਹਨ। ਇਕ ਤਾਜ਼ਾ ਘਟਨਾ ਅਨੁਸਾਰ ਕੈਸਰਗੰਜ ਇਲਾਕੇ ਦੇ ਗੋਹੜੀਆਂ ਨੰਬਰ ਦੋ ਪਿੰਡ 'ਚ ਦੇਰ ਸ਼ਾਮ ਇਕ ਬਘਿਆੜ ਨੇ ਇਕ ਮਾਸੂਮ ਬੱਚੀ 'ਤੇ ਉਦੋਂ ਹਮਲਾ ਕਰ ਦਿੱਤਾ, ਜਦੋਂ ਬੱਚੀ ਆਪਣੇ ਘਰ ਦੇ ਵਿਹੜੇ 'ਚ ਖੇਡ ਰਹੀ ਸੀ। ਹਮਲੇ ਦੌਰਾਨ ਬਘਿਆੜ ਬੱਚੀ ਨੂੰ ਆਪਣੇ ਮੂੰਹ 'ਚ ਪਾ ਕੇ ਉਥੋਂ ਭੱਜਣ ਲੱਗਾ ਤਾ ਪਰਿਵਾਰਿਕ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਪਿੱਛਾ ਕੀਤਾ। ਬਘਿਆੜ ਨੇ ਬੱਚੀ ਨੂੰ ਜ਼ਖਮੀ ਕਰਕੇ ਝਾੜੀਆਂ 'ਚ ਸੁੱਟ ਦਿੱਤਾ ਅਤੇ ਉਥੋਂ ਭੱਜ ਗਿਆ। ਬਾਅਦ 'ਚ ਪਰਿਵਾਰਿਕ ਮੈਂਬਰਾਂ ਨੇ ਬੱਚੀ ਨੂੰ ਸਿਵਲ ਹਸਪਤਾਲ 'ਚ ਦਾਖਿਲ ਕਰਵਾਇਆ, ਜਿੱਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ।
1 ਹਫਤੇ ਪਹਿਲਾਂ ਵੀ ਚੁੱਕੀ ਸੀ 1 ਸਾਲ ਦੀ ਬੱਚੀ
ਬਘਿਆੜ ਨੇ ਇਕ ਹਫਤੇ ਪਹਿਲਾਂ ਵੀ ਇਕ ਸਾਲ ਦੀ ਬੱਚੀ ਨੂੰ ਚੁੱਕ ਕੇ ਗੰਨੇ ਦੇ ਖੇਤ 'ਚ ਗੰਭੀਰ ਜ਼ਖਮੀ ਹਾਲਤ 'ਚ ਸੁੱਟ ਦਿੱਤਾ ਸੀ। ਇਹ ਘਟਨਾ ਕੈਸਰਗੰਜ ਕੋਤਵਾਲੀ ਇਲਾਕੇ ਦੇ ਗੋਹੜੀਆਂ ਨੰਬਰ ਚਾਰ ਇਲਾਕੇ 'ਚ ਵਾਪਰੀ ਸੀ।
ਵਣ ਵਿਭਾਗ ਨੂੰ ਪਈਆਂ ਭਾਜੜਾਂ
ਬਘਿਆੜਾਂ ਦੇ ਇਸ ਆਤੰਕ ਕਾਰਨ ਵਣ ਵਿਭਾਗ ਨੂੰ ਪੂਰੀ ਭਾਜੜਾਂ ਪੈ ਗਈਆਂ ਹਨ। ਵਣ ਵਿਭਾਗ ਅਤੇ ਪੁਲਸ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਰਾਤ ਸਾਢੇ ਤਿੰਨ ਵਜੇ ਦੇ ਕਰੀਬ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਸੀ, ਪਰ ਸੰਘਣੀ ਧੁੰਦ ਅਤੇ ਗੰਨੇ ਦੇ ਉਚੇ ਖੇਤਾਂ ਕਾਰਨ ਡਰੋਨ ਕੈਮਰੇ ਰਾਹੀਂ ਬਘਿਆੜਾਂ ਨੂੰ ਲੱਭਣ 'ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
3 ਮਹੀਨਿਆਂ 'ਚ 11 ਲੋਕਾਂ ਦੀ ਜਾਨ ਲਈ
ਇਨ੍ਹਾਂ ਬਘਿਆੜਾਂ ਨੇ ਤਿੰਨ ਮਹੀਨਿਆਂ 'ਚ 11 ਲੋਕਾਂ ਦੀ ਜਾਨ ਲੈ ਕੇ ਮੌਤ ਦੇ ਘਾਟ ਉਤਾਰ ਦਿੱਤਾ। 10 ਸਤੰਬਰ ਤੋਂ ਸ਼ੁਰੂ ਹੋਏ ਇਸ ਖੂਨੀ ਖੇਲ੍ਹ 'ਚ ਬਘਿਆੜਾਂ ਨੇ 9 ਮਾਸੂਮ ਬੱਚਿਆਂ ਅਤੇ ਇਕ ਬਜ਼ੁਰਗ ਜੋੜੇ ਸਮੇਤ ਕੁੱਲ 11 ਲੋਕਾਂ ਦੀ ਜਾਨ ਲੈ ਲਈ। ਇਸ ਤੋਂ ਇਲਾਵਾ 33 ਲੋਕ ਜ਼ਖਮੀ ਕਰ ਦਿੱਤੇ। ਵਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਬਘਿਆੜਾਂ ਨੂੰ ਮਾਰ ਦਿੱਤਾ ਗਿਆ ਹੈ ਜਦਕਿ ਹਾਲੇ ਵੀ ਕੁਝ ਬਘਿਆੜ ਖੁੱਲ੍ਹੇਆਮ ਘੁੰਮ ਰਹੇ ਹਨ ਜੋ ਲੋਕਾਂ 'ਤੇ ਹਮਲੇ ਕਰ ਰਹੇ ਹਨ।
ਲੋਕਾਂ ਨੇ ਕੀਤੀ ਸੁਰੱਖਿਆ ਦੀ ਮੰਗ
ਬਘਿਆੜਾਂ ਦੀ ਦਹਿਸ਼ਤ ਕਾਰਨ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਕਿ ਖੁੱਲ੍ਹੇਆਮ ਘੁੰਮ ਰਹੇ ਬਘਿਆੜਾਂ ਨੇ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਕਰ ਰੱਖਿਆ ਹੈ। ਉਨ੍ਹਾਂ ਪ੍ਰਸ਼ਾਸ਼ਨ ਨੂੰ ਜਲਦੀ ਹੀ ਬਘਿਆੜਾਂ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ।
