ਚਿਹਰਾ ਦਿਖਾਓ ਤਾਂ ਮਿਲਣਗੇ ਗਹਿਣੇ! UP ਦੇ ਸੁਨਿਆਰਿਆਂ ਨੇ ਬੁਰਕਾ ਤੇ ਘੁੰਡ ਕਰ ਕੇ ਆਉਣ ''ਤੇ ਲਾਈ ਪਾਬੰਦੀ
Thursday, Jan 08, 2026 - 04:08 PM (IST)
ਝਾਂਸੀ/ਅਮੇਠੀ: ਉੱਤਰ ਪ੍ਰਦੇਸ਼ ਦੇ ਸਰਰਾਫ਼ਾ ਬਾਜ਼ਾਰਾਂ 'ਚ ਸੋਨੇ ਦੀਆਂ ਵਧਦੀਆਂ ਕੀਮਤਾਂ ਦੇ ਨਾਲ-ਨਾਲ ਚੋਰੀ ਦਾ ਖੌਫ਼ ਵੀ ਲਗਾਤਾਰ ਵਧ ਰਿਹਾ ਹੈ। ਲਗਾਤਾਰ ਹੋ ਰਹੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਹੋ ਕੇ ਝਾਂਸੀ ਤੇ ਅਮੇਠੀ ਦੇ ਸੁਨਿਆਰਿਆਂ ਨੇ ਆਪਣੀ ਸੁਰੱਖਿਆ ਲਈ ਇੱਕ ਸਖ਼ਤ ਤੇ ਅਨੋਖਾ ਕਦਮ ਚੁੱਕਿਆ ਹੈ। ਹੁਣ ਜੇਕਰ ਕੋਈ ਗਾਹਕ ਚਿਹਰਾ ਢੱਕ ਕੇ ਦੁਕਾਨ 'ਚ ਆਉਂਦਾ ਹੈ-ਚਾਹੇ ਉਹ ਬੁਰਕੇ 'ਚ ਹੋਵੇ, ਘੁੰਡ 'ਚ ਹੋਵੇ ਜਾਂ ਮਾਸਕ ਲਗਾ ਕੇ-ਉਸ ਨੂੰ ਨਾ ਤਾਂ ਦੁਕਾਨ ਅੰਦਰ ਐਂਟਰੀ ਮਿਲੇਗੀ ਅਤੇ ਨਾ ਹੀ ਗਹਿਣੇ ਦਿਖਾਏ ਜਾਣਗੇ।

ਸੀਸੀਟੀਵੀ (CCTV) ਵੀ ਹੋ ਰਹੇ ਸਨ ਨਾਕਾਮ
ਵਪਾਰੀਆਂ ਅਨੁਸਾਰ, ਨਕਾਬ ਚੋਰਾਂ ਲਈ ਇੱਕ ਵੱਡੀ ਢਾਲ ਬਣ ਗਿਆ ਹੈ। ਅਕਸਰ ਚੋਰੀ ਦੀ ਘਟਨਾ ਸੀਸੀਟੀਵੀ 'ਚ ਰਿਕਾਰਡ ਤਾਂ ਹੋ ਜਾਂਦੀ ਹੈ ਪਰ ਚਿਹਰਾ ਢਕਿਆ ਹੋਣ ਕਾਰਨ ਪੁਲਸ ਅਤੇ ਵਪਾਰੀ ਅਪਰਾਧੀ ਦੀ ਪਛਾਣ ਕਰਨ 'ਚ ਅਸਮਰਥ ਰਹਿੰਦੇ ਹਨ। ਸੀਪਰੀ ਬਾਜ਼ਾਰ ਸਰਰਾਫ਼ਾ ਵਪਾਰ ਮੰਡਲ ਦੇ ਪ੍ਰਧਾਨ ਉਦੈ ਸੋਨੀ ਨੇ ਦੱਸਿਆ ਕਿ ਹਾਲ ਹੀ 'ਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿੱਥੇ ਔਰਤਾਂ ਨੇ ਨਕਾਬ ਜਾਂ ਘੁੰਡ ਦੀ ਆੜ 'ਚ ਗਹਿਣੇ ਪਾਰ ਕਰ ਦਿੱਤੇ। ਹੁਣ ਦੁਕਾਨਾਂ ਦੇ ਬਾਹਰ ਵੱਡੇ-ਵੱਡੇ ਪੋਸਟਰ ਲਗਾ ਦਿੱਤੇ ਗਏ ਹਨ, ਜਿਨ੍ਹਾਂ 'ਤੇ ਸਾਫ਼ ਲਿਖਿਆ ਹੈ: "ਦੁਕਾਨ ਦੇ ਅੰਦਰ ਚਿਹਰਾ ਖੁੱਲ੍ਹਾ ਰੱਖ ਕੇ ਹੀ ਪ੍ਰਵੇਸ਼ ਕਰੋ"।
ਸੁਰੱਖਿਆ ਪਹਿਲੀ ਤਰਜੀਹ, ਕਿਸੇ ਵਿਸ਼ੇਸ਼ ਵਰਗ ਦਾ ਵਿਰੋਧ ਨਹੀਂ
ਵਪਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਕਿਸੇ ਖਾਸ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ, ਸਗੋਂ ਸਿਰਫ ਅਪਰਾਧ ਰੋਕਣ ਲਈ ਲਿਆ ਗਿਆ ਹੈ। ਸੁਨਿਆਰਿਆਂ ਨੇ ਇਹ ਕਦਮ ਸਥਾਨਕ ਪੁਲਸ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਚੁੱਕਿਆ ਹੈ। ਅਮੇਠੀ 'ਚ ਵੀ ਸਰਰਾਫ਼ਾ ਸੰਗਠਨ ਨੇ ਬੈਠਕ ਕਰ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਤੇ ਪੁਲਸ ਨੂੰ ਜਾਂਚ ਵਿੱਚ ਆਸਾਨੀ ਹੋਵੇ।

ਗਾਹਕਾਂ ਵੱਲੋਂ ਵੀ ਮਿਲ ਰਿਹਾ ਸਮਰਥਨ
ਕਈ ਆਮ ਗਾਹਕਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਲਈ ਸੀਸੀਟੀਵੀ 'ਚ ਚਿਹਰਾ ਆਉਣਾ ਬਹੁਤ ਜ਼ਰੂਰੀ ਹੈ। ਗਾਹਕਾਂ ਅਨੁਸਾਰ, ਜੇਕਰ ਕੋਈ ਇਮਾਨਦਾਰੀ ਨਾਲ ਖਰੀਦਦਾਰੀ ਕਰਨ ਆਇਆ ਹੈ ਤਾਂ ਉਸ ਨੂੰ ਚਿਹਰਾ ਦਿਖਾਉਣ 'ਚ ਕੋਈ ਪਰਹੇਜ਼ ਨਹੀਂ ਹੋਣਾ ਚਾਹੀਦਾ। ਸੋਨੇ-ਚਾਂਦੀ ਦੇ ਭਾਅ ਰਿਕਾਰਡ ਪੱਧਰ 'ਤੇ ਪਹੁੰਚਣ ਕਾਰਨ ਹੁਣ ਜਵੈਲਰੀ ਸ਼ਾਪਸ ਚੋਰਾਂ ਲਈ ਆਸਾਨ ਨਿਸ਼ਾਨਾ ਬਣ ਰਹੀਆਂ ਹਨ, ਜਿਸ ਕਾਰਨ ਇਹ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
