ਗੋਰਾ ਬਣਾਉਣ, ਸੈਕਸ ਪਾਵਰ ਵਧਾਉਣ ਦੇ ਇਸ਼ਤਿਹਾਰਾਂ ’ਤੇ ਲੱਗੇਗੀ ਰੋਕ

Saturday, Feb 08, 2020 - 12:44 AM (IST)

ਗੋਰਾ ਬਣਾਉਣ, ਸੈਕਸ ਪਾਵਰ ਵਧਾਉਣ ਦੇ ਇਸ਼ਤਿਹਾਰਾਂ ’ਤੇ ਲੱਗੇਗੀ ਰੋਕ

ਨਵੀਂ ਦਿੱਲੀ (ਏਜੰਸੀਆਂ)-ਖਪਤਕਾਰਾਂ ਨੂੰ ਬੇਵਕੂਫ ਬਣਾਉਣ ਲਈ ਝੂਠਾ ਦਾਅਵਾ ਕਰਨ ਵਾਲੇ ਇਸ਼ਤਿਹਾਰਾਂ ’ਤੇ ਰੋਕ ਨੂੰ ਲੈ ਕੇ ਕੇਂਦਰ ਸਰਕਾਰ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ ਐਕਟ, 1954) ਵਿਚ ਸੋਧ ਦਾ ਮਸੌਦਾ ਪੇਸ਼ ਕੀਤਾ ਹੈ, ਜਿਸ ਤਹਿਤ ਚਮਤਕਾਰ ਰਾਹੀਂ ਇਲਾਜ ਕਰਨ ਦਾ ਦਾਅਵਾ ਕਰਨ ਅਤੇ ਗੋਰਾ ਬਣਾਉਣ, ਲੰਬਾਈ ਵਧਾਉਣ, ਸੈਕਸ ਤਾਕਤ ਵਧਾਉਣ, ਦਿਮਾਗੀ ਸਮਰੱਥਾ ਵਧਾਉਣ ਅਤੇ ਬੁਢਾਪਾ ਆਉਣ ਤੋਂ ਰੋਕਣ ਵਰਗੇ ਇਸ਼ਤਿਹਾਰ ਦੇਣ ’ਤੇ 5 ਸਾਲ ਦੀ ਜੇਲ ਅਤੇ 50 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਸੋਧ ਨਾਲ ਜੁੜੇ ਮਸੌਦੇ ’ਚ ਐਕਟ ਵਿਚ ਪਹਿਲਾਂ ਤੋਂ ਮੌਜੂਦ ਬੀਮਾਰੀਆਂ ਤੋਂ ਇਲਾਵਾ ਕਈ ਹੋਰ ਬੀਮਾਰੀਆਂ, ਵਿਕਾਰਾਂ, ਸਥਿਤੀਆਂ ਨੂੰ ਜੋੜਿਆ ਗਿਆ ਹੈ। ਐਕਟ ਮੁਤਾਬਕ ਇਸ ਵਿਚ ਮੌਜੂਦ 78 ਬੀਮਾਰੀਆਂ, ਵਿਕਾਰਾਂ ਅਤੇ ਸਥਿਤੀਆਂ ਨੂੰ ਦੂਰ ਕਰਨ ਵਾਲੇ ਉਤਪਾਦਾਂ ਦੀ ਮਸ਼ਹੂਰੀ ਨਹੀਂ ਕੀਤੀ ਜਾਣੀ ਚਾਹੀਦੀ।
ਬਿੱਲ ’ਚ ਸ਼ਾਮਲ ਹੋਈਆਂ ਇਹ ਬੀਮਾਰੀਆਂ
ਬਿੱਲ ’ਚ ਜਿਨ੍ਹਾਂ ਬੀਮਾਰੀਆਂ ਦੇ ਇਸ਼ਤਿਹਾਰਾਂ ਨੂੰ ਜੋੜਿਆ ਗਿਆ ਹੈ, ਉਨ੍ਹਾਂ ’ਚ ਸੈਕਸ ਪਾਵਰ ਵਧਾਉਣ, ਨਿਪੁੰਸਕਤਾ ਦੂਰ ਕਰਨ, ਸ਼ੀਘਰ ਪਤਨ, ਗੋਰਾ ਬਣਾਉਣ, ਬੁਢਾਪਾ ਆਉਣ ਤੋਂ ਰੋਕਣ, ਏਡਜ਼, ਯਾਦ ਸ਼ਕਤੀ ਵਧਾਉਣ, ਲੰਬਾਈ ਵਧਾਉਣ, ਲਿੰਗ ਦਾ ਆਕਾਰ ਵਧਾਉਣ, ਸੈਕਸ ਕਰਨ ਦੀ ਮਿਆਦ ਵਧਾਉਣ, ਛੋਟੀ ਉਮਰੇ ਵਾਲ ਸਫੈਦ ਹੋਣ ਤੇ ਮੋਟਾਪਾ ਦੂਰ ਕਰਨ ਸਮੇਤ ਕਈ ਹੋਰ ਸਥਿਤੀਆਂ ਹਨ।
ਪ੍ਰਿੰਟ, ਇਲੈਕਟ੍ਰਾਨਿਕ, ਡਿਜੀਟਲ ਮੀਡੀਆ ਸਾਰੇ ਘੇਰੇ ’ਚ
ਕਾਨੂੰਨ ਵਿਚ ਇਸ ਸੋਧ ਰਾਹੀਂ ਇਸ ਦਾ ਘੇਰਾ ਪ੍ਰਿੰਟ ਮੀਡੀਆ ਤੋਂ ਵਧਾ ਕੇ ਇਲੈਕਟ੍ਰਾਨਿਕ ਅਤੇ ਿਡਜੀਟਲ ਮੀਡੀਆ ਤੱਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐਲੋਪੈਥਿਕ ਤੋਂ ਇਲਾਵਾ ਹੋਮਿਓਪੈਥੀ, ਆਯੁਰਵੇਦ, ਯੂਨਾਨੀ ਅਤੇ ਸਿੱਧ ਦਵਾਈਆਂ ਨੂੰ ਵੀ ਇਸ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਜਾ ਰਿਹਾ ਹੈ।


author

Sunny Mehra

Content Editor

Related News