ਬਿਹਾਰ ਦੇ ਭਾਗਲਪੁਰ 'ਚ ਜ਼ਬਰਦਸਤ ਧਮਾਕਾ, ਮ੍ਰਿਤਕਾਂ ਦੀ ਗਿਣਤੀ ਵਧੀ

Friday, Mar 04, 2022 - 01:05 PM (IST)

ਬਿਹਾਰ ਦੇ ਭਾਗਲਪੁਰ 'ਚ ਜ਼ਬਰਦਸਤ ਧਮਾਕਾ, ਮ੍ਰਿਤਕਾਂ ਦੀ ਗਿਣਤੀ ਵਧੀ

ਭਾਗਲਪੁਰ/ਬਿਹਾਰ (ਭਾਸ਼ਾ)- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਵਿਚ ਇਕ ਘਰ ਵਿਚ ਹੋਏ ਧਮਾਕੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਗੰਭੀਰ ਜ਼ਖ਼ਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਇਸ ਘਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਦਾ ਧੰਦਾ ਚੱਲ ਰਿਹਾ ਸੀ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਗਲਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀ.ਐੱਮ.) ਸੁਬਰਤ ਕੁਮਾਰ ਸੇਨ ਨੇ ਦੱਸਿਆ ਕਿ ਇਹ ਧਮਾਕਾ ਸ਼ੁੱਕਰਵਾਰ ਸਵੇਰੇ ਕਸਬੇ ਦੇ ਕਾਜਬਲੀਚਕ ਇਲਾਕੇ ਵਿਚ ਮਹਿੰਦਰ ਮੰਡਲ ਨਾਮ ਦੇ ਵਿਅਕਤੀ ਦੇ ਘਰ ਦੇ ਅੰਦਰ ਹੋਇਆ। ਡੀ.ਐੱਮ. ਅਨੁਸਾਰ ਧਮਾਕੇ ਕਾਰਨ ਮਹਿੰਦਰ ਮੰਡਲ ਦੇ ਘਰ ਤੋਂ ਇਲਾਵਾ ਨੇੜੇ ਦੀਆਂ 2 ਇਮਾਰਤਾਂ ਵੀ ਮਲਬੇ ਵਿਚ ਤਬਦੀਲ ਹੋ ਗਈਆਂ। ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ।

ਇਹ ਵੀ ਪੜ੍ਹੋ: ਰੂਸੀ ਫੌਜਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਯੂਕ੍ਰੇਨ, ਲੋਕਾਂ ਨੂੰ ਗੁਰੀਲਾ ਯੁੱਧ ਸ਼ੁਰੂ ਕਰਨ ਦਾ ਸੱਦਾ

ਮਲਬੇ ਨੂੰ ਹਟਾਉਣ ਲਈ ਅਤਿ-ਆਧੁਨਿਕ ਮਸ਼ੀਨਾਂ ਮੰਗਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੰਬ ਨਿਰੋਧਕ ਦਸਤਾ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੌਕੇ ਤੋਂ ਨਮੂਨੇ ਇਕੱਠੇ ਕਰ ਰਹੀ ਹੈ। ਸੁਬਰਤ ਕੁਮਾਰ ਸੇਨ ਅਨੁਸਾਰ ਘਟਨਾ ਸਥਾਨ ਤੋਂ ਹੁਣ ਤੱਕ ਕੁੱਲ 10 ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਦੀ ਸ਼ਨਾਖਤ ਹੋਣੀ ਬਾਕੀ ਹੈ। ਧਮਾਕੇ 'ਚ ਜ਼ਖ਼ਮੀ 9 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡੀ.ਐੱਮ. ਨੇ ਦੱਸਿਆ ਕਿ ਮੰਡਲ ਪਿਛਲੇ ਸਮੇਂ ਵਿਚ ਵੀ ਪਟਾਕਿਆਂ ਦੇ ਗੈਰ-ਕਾਨੂੰਨੀ ਨਿਰਮਾਣ ਵਿਚ ਸ਼ਾਮਲ ਰਿਹਾ ਹੈ ਅਤੇ 2008 ਵਿਚ ਉਸ ਦੇ ਘਰ ਵਿਚ ਇਸੇ ਤਰ੍ਹਾਂ ਦੇ ਧਮਾਕੇ ਵਿਚ ਉਸ ਦੀ ਪਤਨੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਬਾਈਡੇਨ ਨੇ ਪਹਿਲੇ 'ਸਟੇਟ ਦਿ ਆਫ ਯੂਨੀਅਨ' ਸੰਬੋਧਨ ’ਚ ਤੋੜਿਆ ਟਰੰਪ ਦਾ ਰਿਕਾਰਡ

 


author

cherry

Content Editor

Related News