TMC 'ਚ ਸ਼ਾਮਲ ਹੋਏ ਯਸ਼ਵੰਤ ਸਿਨਹਾ, ਵਾਜਪਾਈ ਸਰਕਾਰ 'ਚ ਸਨ ਵਿੱਤ ਮੰਤਰੀ

03/13/2021 1:42:08 PM

ਕੋਲਕਾਤਾ- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਨੇਤਾ ਅਤੇ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) 'ਚ ਸ਼ਾਮਲ ਹੋ ਗਏ ਹਨ। ਯਸ਼ੰਵਤ ਸਿਨਹਾ ਨੇ ਪਾਰਟੀ ਦੇ ਦਫ਼ਤਰ ਜਾ ਕੇ ਮੈਂਬਰਤਾ ਲਈ ਅਤੇ ਪਾਰਟੀ ਦਾ ਝੰਡਾ ਲਹਿਰਾਇਆ। ਦੱਸਣਯੋਗ ਹੈ ਕਿ ਵਾਜਪਾਈ ਸਰਕਾਰ 'ਚ ਯਸ਼ਵੰਤ ਸਿਨਹਾ ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਰਹਿ ਚੁਕੇ ਹਨ।

ਅੱਜ ਦੀ ਭਾਜਪਾ ਕੁਚਲਣ ਅਤੇ ਜਿੱਤਣ 'ਚ ਭਰੋਸਾ ਕਰਦੀ ਹੈ
ਟੀ.ਐੱਮ.ਸੀ. 'ਚ ਸ਼ਾਮਲ ਹੋਣ ਤੋਂ ਬਾਅਦ ਯਸ਼ਵੰਤ ਸਿਨਹਾ ਨੇ ਭਾਜਪਾ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਭਾਜਪਾ ਸਰਬਸੰਮਤੀ 'ਚ ਵਿਸ਼ਵਾਸ ਰੱਖਦੀ ਸੀ ਪਰ ਅੱਜ ਦੀ ਭਾਜਪਾ ਕੁਚਲਣ ਅਤੇ ਜਿੱਤਣ 'ਚ ਭਰੋਸਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਅਤੇ ਬੀਜਦ (ਬੀਜੂ ਦਲ) ਨੇ ਭਾਜਪਾ ਛੱਡ ਦਿੱਤਾ ਹੈ। ਯਸ਼ਵੰਤ ਨੇ ਪੀ.ਐੱਮ. ਮੋਦੀ ਅਤੇ ਅਮਿਤ ਸ਼ਾਹ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

PunjabKesari

ਸ਼ਿਵ ਸੈਨਾ ਨੇ ਭਾਜਪਾ ਦਾ ਸਾਥ ਛੱਡ ਦਿੱਤਾ
ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ਿਵ ਸੈਨਾ ਨੇ ਭਾਜਪਾ ਦਾ ਸਾਥ ਛੱਡ ਦਿੱਤਾ ਹੈ। ਤੁਸੀਂ ਦੱਸੋ ਅੱਜ ਭਾਜਪਾ ਨਾਲ ਕੌਣ ਖੜ੍ਹਾ ਹੈ? ਟੀ.ਐੱਮ.ਸੀ. 'ਚ ਸ਼ਾਮਲ ਹੋਣ ਤੋਂ ਬਾਅਦ ਯਸ਼ਵੰਤ ਨੇ ਕਿਹਾ ਕਿ ਅੱਜ ਦੇਸ਼ ਇਕ ਭਾਰੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਤੰਤਰ ਦੀ ਤਾਕਤ ਲੋਕਤੰਤਰ ਦੀਆਂ ਸੰਸਥਾਵਾਂ ਦੀ ਤਾਕਤ 'ਚ ਹੈ। ਯਸ਼ਵੰਤ ਨੇ ਅੱਗੇ ਕਿਹਾ ਕਿ ਨਿਆਪਾਲਿਕਾ ਸਮੇਤ ਇਹ ਸੰਸਥਾਵਾਂ ਕਮਜ਼ੋਰ ਹੋ ਗਈਆਂ ਹਨ।

ਅਟਲ ਬਿਹਾਰੀ ਵਾਜਪਾਈ ਸਰਕਾਰ 'ਚ ਵਿੱਤ ਮੰਤਰੀ ਸਨ ਸਿਨਹਾ
ਦੱਸਣਯੋਗ ਹੈ ਕਿ ਯਸ਼ਵੰਤ ਸਿਨਹਾ ਅਟਲ ਬਿਹਾਰੀ ਵਾਜਪਾਈ ਸਰਕਾਰ 'ਚ ਵਿੱਤ ਮੰਤਰੀ ਰਹਿ ਚੁਕੇ ਹਨ। ਆਈ.ਏ.ਐੱਸ. ਅਧਿਕਾਰੀ ਰਹਿ ਚੁਕੇ ਸਿਨਹਾ 1998 'ਚ ਪਹਿਲੀ ਵਾਰ ਲੋਕ ਸਭਾ ਸੰਸਦ ਮੈਂਬਰ ਬਣੇ ਸਨ। ਸਾਲ 2014 'ਚ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਦੇ ਬਾਅਦ ਤੋਂ ਹੀ ਭਾਜਪਾ ਦੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਭਾਜਪਾ ਛੱਡ ਦਿੱਤੀ ਸੀ ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ 'ਚ ਇਕ ਸਿਆਸੀ ਮੋਰਚਾ ਸ਼ੁਰੂ ਕੀਤਾ ਸੀ। ਸਿਨਹਾ ਝਾਰਖੰਡ ਦੇ ਹਜ਼ਾਰੀਬਾਗ਼ ਤੋਂ ਕਈ ਵਾਰ ਸੰਸਦ ਮੈਂਬਰ ਰਹਿ ਚੁਕੇ ਹਨ। ਹੁਣ ਇਸ ਸੀਟ ਤੋਂ ਉਨ੍ਹਾਂ ਦੇ ਪੁੱਤ ਜਯੰਤ ਸਿਨਹਾ ਭਾਜਪਾ ਦੇ ਸੰਸਦ ਮੈਂਬਰ ਹਨ। 

ਨੋਟ : ਯਸ਼ਵੰਤ ਸਿਨਹਾ ਨੇ ਟੀਐੱਮਸੀ 'ਚ ਸ਼ਾਮਲ ਹੋਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News