ਮਾਲਕ ਨਿਕਲਿਆ ''ਠੱਗ''! ਸੁਪਰਵਾਈਜ਼ਰ ਦੇ ਨਾਂ ''ਤੇ ਕਢਵਾ ਲਏ 3 ਕਾਰ ਲੋਨ, ਫਿਰ ਨੌਕਰੀ ਵੀ ਖੋਹੀ
Friday, Mar 20, 2026 - 08:10 PM (IST)
ਨੈਸ਼ਨਲ ਡੈਸਕ : ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਇੱਕ ਫੈਕਟਰੀ ਸੁਪਰਵਾਈਜ਼ਰ ਨਾਲ 40 ਲੱਖ ਰੁਪਏ ਦੀ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਫੈਕਟਰੀ ਮਾਲਕ ਨੇ ਆਪਣੇ ਹੀ ਕਰਮਚਾਰੀ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਉਸ ਦੇ ਨਾਮ 'ਤੇ 3 ਮਹਿੰਗੀਆਂ ਕਾਰਾਂ ਦੇ ਲੋਨ ਲੈ ਲਏ। ਪੀੜਤ ਨੂੰ ਇਸ ਧੋਖਾਧੜੀ ਦਾ ਪਤਾ ਉਦੋਂ ਲੱਗਾ, ਜਦੋਂ ਬੈਂਕ ਕਰਮਚਾਰੀ ਕਿਸ਼ਤਾਂ ਦੀ ਵਸੂਲੀ ਲਈ ਉਸ ਦੇ ਘਰ ਪਹੁੰਚ ਗਏ।
ਝਾਂਸਾ ਦੇ ਕੇ ਲਏ ਦਸਤਾਵੇਜ਼
ਪੀੜਤ ਸੁਨੀਲ ਕੁਮਾਰ ਜੋ ਪਿੰਡ ਦਬਖੇੜੀ ਦਾ ਰਹਿਣ ਵਾਲਾ ਹੈ, ਨੇ ਪੁਲਸ ਨੂੰ ਦੱਸਿਆ ਕਿ ਉਹ ਪਿਛਲੇ 9 ਸਾਲਾਂ ਤੋਂ ਇੱਕ ਫੈਕਟਰੀ ਵਿੱਚ ਸੁਪਰਵਾਈਜ਼ਰ ਵਜੋਂ ਕੰਮ ਕਰ ਰਿਹਾ ਸੀ। ਜਨਵਰੀ 2025 ਵਿੱਚ ਫੈਕਟਰੀ ਮਾਲਕ ਨੇ ਉਸ ਨੂੰ ਨਵੀਂ ਕਾਰ ਦਿਵਾਉਣ ਅਤੇ ਗੁਰੂਗ੍ਰਾਮ ਦੀ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਲਵਾਉਣ ਦਾ ਝਾਂਸਾ ਦਿੱਤਾ। ਇਸ ਬਹਾਨੇ ਮਾਲਕ ਨੇ ਸੁਨੀਲ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਲੈ ਲਿਆ ਅਤੇ ਬੈਂਕ ਵਿੱਚ ਖਾਤਾ ਖੁਲ੍ਹਵਾ ਕੇ ਉਸ ਕੋਲੋਂ ਕਈ ਕਾਗਜ਼ਾਂ 'ਤੇ ਦਸਤਖਤ ਕਰਵਾ ਲਏ।
ਤਿੰਨ ਬੈਂਕਾਂ ਤੋਂ ਲਏ 40 ਲੱਖ ਦੇ ਲੋਨ
ਜਦੋਂ ਸੁਨੀਲ ਨੇ ਆਪਣਾ ਸਿਵਲ ਸਕੋਰ (CIBIL Score) ਚੈੱਕ ਕੀਤਾ ਤਾਂ ਹੈਰਾਨੀਜਨਕ ਖੁਲਾਸਾ ਹੋਇਆ। ਉਸ ਦੇ ਨਾਮ 'ਤੇ ਤਿੰਨ ਵੱਖ-ਵੱਖ ਬੈਂਕਾਂ ਤੋਂ ਲੋਨ ਲਏ ਗਏ ਸਨ:
•ਇੰਡੀਅਨ ਬੈਂਕ: ਲਗਭਗ 13 ਲੱਖ ਰੁਪਏ।
•ਮਹਿੰਦਰਾ ਕੋਟਕ ਬੈਂਕ: ਲਗਭਗ 10 ਲੱਖ ਰੁਪਏ।
•ਟੋਇਟਾ ਫਾਈਨਾਂਸ ਸਰਵਿਸ: ਲਗਭਗ 16.5 ਲੱਖ ਰੁਪਏ।
ਦਿਲਚਸਪ ਗੱਲ ਇਹ ਹੈ ਕਿ ਸੁਨੀਲ ਕੋਲ ਕੋਈ ਵੀ ਕਾਰ ਨਹੀਂ ਹੈ ਅਤੇ ਨਾ ਹੀ ਉਸ ਨੇ ਕੋਈ ਕਿਸ਼ਤ ਭਰੀ ਸੀ।
ਸੱਚ ਪੁੱਛਣ 'ਤੇ ਨੌਕਰੀਓਂ ਕੱਢਿਆ
ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਧੋਖਾਧੜੀ ਬਾਰੇ ਮਾਲਕ ਅਸ਼ਵਨੀ ਨਾਲ ਗੱਲ ਕੀਤੀ ਤਾਂ ਉਸ ਨੇ ਪਹਿਲਾਂ ਟਾਲਮਟੋਲ ਕੀਤੀ ਅਤੇ ਬਾਅਦ ਵਿੱਚ ਸੁਨੀਲ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ। ਫਿਲਹਾਲ ਪੁਲਸ ਨੇ ਸੁਨੀਲ ਦੀ ਸ਼ਿਕਾਇਤ 'ਤੇ ਫੈਕਟਰੀ ਮਾਲਕ ਅਸ਼ਵਨੀ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
