ਲੋਕ ਸਭਾ ਚੋਣਾਂ ’ਚ 60 ਤੋਂ ਵੱਧ ਨਵੇਂ ਚਿਹਰੇ ਮੈਦਾਨ ’ਚ ਉਤਾਰੇਗੀ ਭਾਜਪਾ
Thursday, Dec 15, 2022 - 02:33 PM (IST)
ਨਵੀਂ ਦਿੱਲੀ- ਭਾਜਪਾ ਭਾਵੇਂ ਹੀ 2023 ’ਚ 9 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੋਵੇ ਪਰ ਨਾਲ ਹੀ ਨਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਵੀ ਕੰਮ ਕਰ ਰਹੀ ਹੈ। ਜੇ ਭਾਜਪਾ ਹੈੱਡਕੁਆਰਟਰ ਤੋਂ ਆ ਰਹੀਆਂ ਰਿਪੋਰਟਾਂ ਨੂੰ ਕੋਈ ਸੰਕੇਤ ਮੰਨਿਆ ਜਾਵੇ ਤਾਂ ਪਾਰਟੀ ਨੇ ਲੋਕ ਸਭਾ ਚੋਣਾਂ ’ਚ ਘੱਟੋ-ਘੱਟ 60-70 ਨਵੇਂ ਚਿਹਰਿਆਂ ਨੂੰ ਮੈਦਾਨ ’ਚ ਉਤਾਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੇ. ਪੀ. ਨੱਢਾ ਸੂਬਾ ਪ੍ਰਧਾਨਾਂ ਨਾਲ ਰੈਗੂਲਰ ਬੈਠਕਾਂ ਕਰ ਰਹੇ ਹਨ। ਉਹ ਨਵੇਂ ਚਿਹਰਿਆਂ ਦੀ ਪਛਾਣ ਕਰ ਰਹੇ ਹਨ।
ਇਸ ਤੋਂ ਪਤਾ ਲੱਗਦਾ ਹੈ ਕਿ 75 ਸਾਲਾਂ ਤੋਂ ਵੱਧ ਉਮਰ ਵਾਲਿਆਂ ਨੂੰ ਬਦਲ ਦਿੱਤਾ ਜਾਵੇਗਾ, ਜਿਨ੍ਹਾਂ ’ਚ ਕਈ ਕੇਂਦਰੀ ਮੰਤਰੀ ਵੀ ਸ਼ਾਮਲ ਹਨ। ਮਿਸਾਲ ਵਜੋਂ ਯੂ. ਪੀ. ਦੇ ਵਿਧਾਇਕ ਰਾਜੇਸ਼ਵਰ ਸਿੰਘ ਨੂੰ ਪਹਿਲਾਂ ਹੀ ਗਾਜ਼ੀਆਬਾਦ ਲੋਕ ਸਭਾ ਸੀਟ ਲਈ ਕੰਮ ਕਰਨ ਲਈ ਕਿਹਾ ਜਾ ਚੁੱਕਾ ਹੈ, ਜਿਸ ਦੀ ਨੁਮਾਇੰਦਗੀ ਮੌਜੂਦਾ ਸਮੇਂ ’ਚ ਜਨਰਲ ਵੀ. ਕੇ. ਸਿੰਘ ਕਰ ਰਹੇ ਹਨ। 15 ਤੋਂ ਵੱਧ ਮੌਜੂਦਾ ਸੰਸਦ ਮੈਂਬਰ ਹਨ, ਜੋ 75 ਸਾਲਾਂ ਦੀ ਉਮਰ ਹੱਦ ਪਾਰ ਕਰ ਲੈਣਗੇ। ਇਸੇ ਤਰ੍ਹਾਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਕੁਲਦੀਪ ਬਿਸ਼ਨੋਈ 2024 ’ਚ ਹਿਸਾਰ ਲੋਕ ਸਭਾ ਸੀਟ ਤੋਂ ਚੋਣ ਲੜਣ ਦੇ ਚਾਹਵਾਨ ਹਨ। ਇਹ ਮੌਜੂਦਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਦੇ ਬੇਟੇ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲਗਾਏਗਾ।
ਗੁਜਰਾਤ ਦੇ ਸਾਬਕਾ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਨੂੰ ਹੁਣ ਮੌਜੂਦਾ ਸੰਸਦ ਮੈਂਬਰ ਦੀ ਜਗ੍ਹਾ ਮੇਹਸਾਣਾ ਤੋਂ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। ਭਾਜਪਾ ਲੀਡਰਸ਼ਿਪ ਲੋਕ ਸਭਾ ਚੋਣਾਂ ਲਈ ਸੀਟਾਂ ਅਤੇ ਨਵੇਂ ਚਿਹਰਿਆਂ ਦੀ ਪਛਾਣ ਕਰਨ ਲਈ ਮਹਾਰਾਸ਼ਟਰ ਦੇ ਨੇਤਾਵਾਂ ਨਾਲ ਲੰਬੀਆਂ ਬੈਠਕਾਂ ਕਰ ਰਹੀ ਹੈ। ਮੂਡ ਜਾਂਚਣ ਲਈ ਸਾਰੇ ਚੋਣ ਹਲਕਿਆਂ ’ਚ ਡੂੰਘਾਈ ਨਾਲ ਸਰਵੇ ਦਾ ਕੰਮ ਚੱਲ ਰਿਹਾ ਹੈ।