ਭਾਜਪਾ ਨੂੰ ਕਾਂਗਰਸ ਨੇ ਨਹੀਂ ਸਗੋਂ ਭਾਜਪਾ ਨੇ ਹੀ ਹਰਾਇਆ : ਸ਼ਾਂਤਾ ਕੁਮਾਰ

Saturday, Dec 17, 2022 - 10:42 AM (IST)

ਭਾਜਪਾ ਨੂੰ ਕਾਂਗਰਸ ਨੇ ਨਹੀਂ ਸਗੋਂ ਭਾਜਪਾ ਨੇ ਹੀ ਹਰਾਇਆ : ਸ਼ਾਂਤਾ ਕੁਮਾਰ

ਪਾਲਮਪੁਰ (ਗਿਤੇਸ਼ ਭ੍ਰਿਗੂ)- ਆਪਣੀਆਂ ਬੇਬਾਕ ਟਿੱਪਣੀਆਂ ਅਤੇ ਸਪੱਸ਼ਟਤਾ ਕਾਰਨ ਰਾਜਨੀਤੀ ’ਚ ਵੱਖਰੀ ਪਛਾਣ ਬਣਾਉਣ ਵਾਲੇ ਭਾਰਤੀ ਜਨਤਾ ਪਾਰਟੀ ਦੀ ਪਹਿਲੀ ਪੀੜ੍ਹੀ ਦੇ ਨੇਤਾ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਸੂਬਾ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਹਾਰ ਤੋਂ ਬਾਅਦ 'ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ' ਵਿਚ ਪਹਿਲੀ ਸਿਆਸੀ ਇੰਟਰਵਿਊ ’ਚ ਇਕ ਵਾਰ ਫਿਰ ਹਾਰ ਦੇ ਕਾਰਨਾਂ ਅਤੇ ਭਾਜਪਾ ਦੀ ਭੂਮਿਕਾ ਨੂੰ ਲੈ ਕੇ ਬੇਬਾਕੀ ਨਾਲ ਆਪਣੀ ਗੱਲ ਰੱਖੀ ਹੈ। 

ਸੂਬਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਹਾਰ ਲਈ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਕਾਂਗਰਸ ਨੇ ਨਹੀਂ ਹਰਾਇਆ ਅਤੇ ਇਹ ਭੁਲੇਖਾ ਵੀ ਕਾਂਗਰਸ ਨੂੰ ਨਹੀਂ ਰੱਖਣਾ ਚਾਹੀਦਾ। ਜੋ ਸਥਿਤੀ ਮਾਨ ਅਤੇ ਸਨਮਾਨ ਭਾਰਤੀ ਜਨਤਾ ਪਾਰਟੀ ਦਾ ਪੂਰੇ ਦੇਸ਼ ’ਚ ਹੈ, ਉਹੀ ਸਥਿਤੀ ਹਿਮਾਚਲ ’ਚ ਵੀ ਸੀ ਪਰ ਭਾਜਪਾ ਨੇ ਹੀ ਭਾਜਪਾ ਨੂੰ ਹਰਾਇਆ।

ਪਾਲਮਪੁਰ ’ਚ ਹਾਰ ਤੋਂ ਬਾਅਦ ਸਹੀ ਸਮੀਖਿਆ ਨਹੀਂ ਕੀਤੀ

ਭਾਜਪਾ ਦੇ ਪ੍ਰਮੁੱਖ ਆਗੂਆਂ ਨੂੰ ਬੈਠਣਾ ਚਾਹੀਦਾ ਅਤੇ ਈਮਾਨਦਾਰੀ ਨਾਲ ਸਵੈ-ਨਿਰੀਖਣ ਕਰਨਾ ਚਾਹੀਦਾ ਹੈ। ਪਾਲਮਪੁਰ ਨਗਰ ਨਿਗਮ ਦੇ ਗਠਨ ਤੋਂ ਬਾਅਦ ਅਤੇ ਚਾਰ ਜ਼ਿਮਨੀ ਚੋਣਾਂ ’ਚ ਹਾਰ ਤੋਂ ਬਾਅਦ ਪਾਰਟੀ ਨੇ ਹਾਰ ਦੇ ਕਾਰਨਾਂ ਦੀ ਸਹੀ ਸਮੀਖਿਆ ਨਹੀਂ ਕੀਤੀ। ਜੇਕਰ ਸਮੀਖਿਆ ਸਹੀ ਢੰਗ ਨਾਲ ਕੀਤੀ ਹੁੰਦੀ ਅਤੇ ਸਹੀ ਫੈਸਲੇ ਲਏ ਹੁੰਦੇ ਤਾਂ ਪਾਰਟੀ ਵਿਧਾਨ ਸਭਾ ਚੋਣਾਂ ’ਚ ਨਾ ਹਾਰਦੀ।

ਕੀ ਪਾਰਟੀ ’ਚ ਤੁਹਾਡੇ ਸੁਝਾਵਾਂ ਨੂੰ ਨਹੀਂ ਮੰਨਿਆ?

ਸ਼ਾਂਤਾ ਕੁਮਾਰ ਨੇ ਕਿਹਾ ਕਿ ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਜੇਕਰ ਚਿੰਤਨ ਮੀਟਿੰਗ ’ਚ ਬੁਲਾਇਆ ਜਾਂਦਾ ਹੈ ਤਾਂ ਮੈਂ ਹਿੱਸਾ ਲਵਾਂਗਾ ਅਤੇ ਆਪਣੀ ਗੱਲ ਨੂੰ ਪ੍ਰਮੁੱਖਤਾ ਨਾਲ ਰੱਖਣ ਦੀ ਕੋਸ਼ਿਸ਼ ਕਰਾਂਗਾ।

ਭਾਜਪਾ ਈਮਾਨਦਾਰੀ ਨਾਲ ਨਿਭਾਉਣ ਵਿਰੋਧੀ ਧਿਰ ਦੀ ਭੂਮਿਕਾ

ਭਾਜਪਾ ਈਮਾਨਦਾਰੀ ਨਾਲ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਅਤੇ ਵਿਰੋਧ ਲਈ ਵਿਰੋਧ ਨਾ ਕਰਨ। ਤੁਰੰਤ ਆਲੋਚਨਾ ਨਾ ਕੀਤੀ ਜਾਵੇ। 5 ਸਾਲ ਤੱਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਭਾਜਪਾ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸੰਗਠਨ ਅਤੇ ਸਰਕਾਰ ’ਚ ਜੋ ਕਮੀਆਂ ਰਹੀਆਂ ਹਨ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ।

ਨਵੀਂ ਸਰਕਾਰ ਨੂੰ ਹੁਣ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ

ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਨਵੀਂ ਸਰਕਾਰ ਨੂੰ ਹੁਣ ਕੰਮ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਤੁਰੰਤ ਆਲੋਚਨਾ ਨਹੀਂ ਕਰਨੀ ਚਾਹੀਦੀ। ਲੋਕਤੰਤਰ ’ਚ ਸਰਕਾਰ ਬਣਾਉਣ ਲਈ ਜੋ ਜਨਤਕ ਰਾਏ ਦਿੱਤੀ ਗਈ ਹੈ ਉਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੇਵਾ ਭਾਵਨਾ ਨਾਲ ਕੰਮ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਾ ਕਰਨ ਦੀ ਗੱਲ ਕਹੀ ਹੈ। ਇਹ ਦੋਵੇਂ ਗੱਲਾਂ ਮਹੱਤਵਪੂਰਨ ਹਨ। ਹਿਮਾਚਲ ਦੇ ਵਿਕਾਸ ਦੀ ਗੱਲ ਨੂੰ ਸਾਹਮਣੇ ਰੱਖ ਕੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ।

ਚਿੰਤਨ ਮੀਟਿੰਗ ਕਰਨ ਸੂਬਾ ਭਾਜਪਾ

ਸ਼ਾਂਤਾ ਨੇ ਕਿਹਾ ਕਿ ਮੇਰਾ ਸੁਝਾਅ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਿਲੀ ਹਾਰ ਨੂੰ ਲੈ ਕੇ ਹੁਣ ਭਾਜਪਾ ਦੇ ਸਾਬਕਾ ਆਗੂਆਂ ਨੂੰ ਚਿੰਤਨ ਮੀਟਿੰਗ ਕਰਨੀ ਪਵੇਗੀ। ਜੋ ਵਿਅਕਤੀ ਮਰ ਗਿਆ ਹੈ ਜਾਂ ਜੋ ਵਿਅਕਤੀ ਅਜੇ ਪੈਦਾ ਨਹੀਂ ਹੋਇਆ ਹੈ ਉਸ ਨੂੰ ਛੱਡ ਕੇ ਹਰ ਕੋਈ ਗਲਤੀ ਕਰਦਾ ਹੈ, ਜਦੋਂ ਵਿਅਕਤੀ ਆਪਣੀ ਗਲਤੀ ਨੂੰ ਸਵੀਕਾਰ ਨਹੀਂ ਕਰਦਾ। ਜ਼ਿਮਨੀ ਚੋਣ ’ਚ ਮਿਲੀ ਹਾਰ ਤੋਂ ਬਾਅਦ ਜੇਕਰ ਈਮਾਨਦਾਰੀ ਨਾਲ ਸਵੈ-ਨਿਰੀਖਣ ਕਰ ਕੇ ਫੈਸਲੇ ਲਏ ਜਾਂਦੇ ਤਾਂ ਇਹ ਸਥਿਤੀ ਪੈਦਾ ਨਾ ਹੁੰਦੀ। ਅਜਿਹੇ ’ਚ ਚਿੰਤਨ ਮੀਟਿੰਗ ਕਰ ਕੇ ਸਮੀਖਿਆ ਕਰਨੀ ਹੋਵੇਗੀ।

ਕੁਝ ਨੇਤਾਵਾਂ ਅਤੇ ਕੁਝ ਮੰਤਰੀਆਂ ਦਾ ਅਕਸ ਖਰਾਬ ਰਿਹਾ

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਕੁਝ ਨੇਤਾਵਾਂ ਅਤੇ ਕੁਝ ਮੰਤਰੀਆਂ ਦਾ ਅਕਸ ਵੀ ਚੰਗਾ ਨਹੀਂ ਸੀ। ਇਲਜ਼ਾਮ ਖੁੱਲ੍ਹੇਆਮ ਲਾਏ ਜਾਂਦੇ ਰਹੇ ਅਤੇ ਦੋਸ਼ਾਂ ’ਚ ਸੱਚਾਈ ਵੀ ਸੀ। ਇਹ ਵੀ ਕਾਰਨ ਰਿਹਾ ਕਿ ਪਾਰਟੀ ਚੋਣਾਂ ’ਚ ਹਾਰੀ, ਕੁਝ ਨੇਤਾਵਾਂ ਅਤੇ ਕੁਝ ਮੰਤਰੀਆਂ ਦਾ ਅਕਸ ਖਰਾਬ ਰਿਹਾ ਜੋ ਹਾਰ ਦਾ ਕਾਰਨ ਬਣਿਆ।

ਜੋੜ-ਤੋੜ ਦੀ ਰਾਜਨੀਤੀ ਕਰਦੀ ਹੈ ਦੁਖੀ

ਸ਼ਾਂਤਾ ਕੁਮਾਰ ਨੇ ਕਿਹਾ ਕਿ ਜਦੋਂ ਉਹ 1951 ’ਚ ਪਾਰਟੀ ’ਚ ਸ਼ਾਮਲ ਹੋਏ ਸਨ ਤਾਂ ਉਸ ’ਚ ਮੁੱਲ ਆਧਾਰਿਤ ਰਾਜਨੀਤੀ ਸੀ। ਅਟਲ ਬਿਹਾਰੀ ਵਾਜਪਾਈ ਕਹਿੰਦੇ ਸਨ ਕਿ ਅਸੀਂ ਸਰਕਾਰ ਬਣਾਉਣ ਨਹੀਂ ਸਗੋਂ ਸਮਾਜ ਬਣਾਉਣ ਆਏ ਹਾਂ। ਬੇਈਮਾਨੀ, ਫਰੇਬ, ਪਾਰਟੀ ਬਦਲਣ ਨਾਲ ਸਰਕਾਰਾਂ ਬਣ ਜਾਣਗੀਆਂ ਪਰ ਸਮਾਜ ਨਹੀਂ ਬਣ ਸਕੇਗਾ। ਉਨ੍ਹਾਂ ਕਿਹਾ ਕਿ ਜਿਸ ਕਾਰਨ ਪਾਰਟੀ ਇੱਥੇ ਪਹੁੰਚੀ ਹੈ, ਉਸ ਵਿਰਸੇ ਨੂੰ ਖਤਮ ਨਾ ਹੋਣ ਦਿਓ ਅਤੇ ਜੋੜ-ਤੋੜ ਤੋਂ ਦੂਰ ਰਹੋ। ਧੋਖੇਬਾਜ਼ੀ ਦੀ ਇਹ ਰਾਜਨੀਤੀ ਮੇਰੀ ਪਾਰਟੀ ’ਚ ਨਾ ਦਿਖਾਈ ਦੇਵੇ, ਜਿੱਥੇ ਕਿਤੇ ਵੀ ਨਜ਼ਰ ਆਉਂਦੀ ਹੈ, ਮੇਰੇ ਵਰਗਾ ਪਹਿਲੀ ਪੀੜ੍ਹੀ ਦਾ ਵਰਕਰ ਦੁਖੀ ਹੁੰਦਾ ਹੈ।


 


author

Tanu

Content Editor

Related News