ਆਦਿਵਾਸੀਆਂ ਨੂੰ ‘ਬਨਵਾਸੀ’ ਕਹਿ ਕੇ ਉਨ੍ਹਾਂ ਨੂੰ ਜੰਗਲਾਂ ਤੱਕ ਸੀਮਿਤ ਕਰਨਾ ਚਾਹੁੰਦੀ ਹੈ ਭਾਜਪਾ : ਰਾਹੁਲ ਗਾਂਧੀ
Monday, Aug 14, 2023 - 12:07 PM (IST)
ਵਾਇਨਾਡ (ਕੇਰਲ) , (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ’ਚ ਸੱਤਾਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਜਨਜਾਤੀ ਭਾਈਚਾਰਿਆਂ ਨੂੰ ਜੰਗਲਾਂ ਤੱਕ ਸੀਮਿਤ ਕਰਨ ਦੀ ਕੋਸ਼ਿਸ਼ ਕਰਨ ਅਤੇ ‘ਆਦਿਵਾਸੀ’ ਦੀ ਜਗ੍ਹਾ ‘ਬਨਵਾਸੀ’ ਕਹਿ ਕੇ ਉਨ੍ਹਾਂ ਨੂੰ ਜ਼ਮੀਨ ਦੀ ਮੂਲ ਮਾਲਕੀ ਦੇ ਦਰਜੇ ਤੋਂ ਵਾਂਝਾ ਕਰਨ ਦਾ ਐਤਵਾਰ ਨੂੰ ਦੋਸ਼ ਲਾਇਆ। ਵਾਇਨਾਡ ਤੋਂ ਸੰਸਦ ਮੈਂਬਰ ਗਾਂਧੀ ਨੇ ਕੁਝ ਦਿਨ ਪਹਿਲਾਂ ਰਾਜਸਥਾਨ ’ਚ ਪਾਰਟੀ ਦੀ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੀ ਇਹੀ ਮਾਮਲਾ ਚੁੱਕਿਆ ਸੀ।
ਉਨ੍ਹਾਂ ਰਾਜਸਥਾਨ ’ਚ ਕਿਹਾ ਸੀ ਕਿ ਭਾਜਪਾ ਜਨਜਾਤੀ ਭਾਈਚਾਰਿਆਂ ਨੂੰ ਆਦਿਵਾਸੀ ਦੀ ਜਗ੍ਹਾ ‘ਬਨਵਾਸੀ’ ਕਹਿ ਕੇ ਉਨ੍ਹਾਂ ਦਾ ‘ਅਪਮਾਨ’ ਕਰਦੀ ਹੈ ਅਤੇ ਉਨ੍ਹਾਂ ਦੀ ਜ਼ਮੀਨ ਖੋਹ ਕੇ ਉਦਯੋਗਪਤੀਆਂ ਨੂੰ ਦਿੰਦੀ ਹੈ। ਗਾਂਧੀ ਨੇ ਐਤਵਾਰ ਨੂੰ ਵਾਇਨਾਡ ਜ਼ਿਲੇ ’ਚ ਮਾਨੰਤਵਾੜੀ ਖੇਤਰ ਦੇ ਨੱਲੂਰਨਾਡ ਸਥਿਤ ‘ਡਾ. ਅੰਬੇਡਕਰ ਜ਼ਿਲਾ ਮੈਮੋਰੀਅਲ ਕੈਂਸਰ ਸੈਂਟਰ’ ’ਚ ਐੱਚ. ਟੀ. (ਹਾਈ ਟੈਨਸ਼ਨ) ਕੁਨੈਕਸ਼ਨ’ ਦਾ ਉਦਘਾਟਨ ਕਰਨ ਤੋਂ ਬਾਅਦ ਦੋਸ਼ ਲਾਇਆ ਕਿ ਆਦਿਵਾਸੀਆਂ ਨੂੰ ਬਨਵਾਸੀ ਕਹਿਣ ਪਿੱਛੇ ਇਕ ‘ਵਿਗਾੜਿਆ ਹੋਇਆ ਤਰਕ’ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ, ‘‘ਇਹ ਤੁਹਾਨੂੰ (ਆਦਿਵਾਸੀਆਂ ਨੂੰ) ਜ਼ਮੀਨ ਦੀ ਮੂਲ ਮਾਲਕੀ ਦੇ ਅਧਿਕਾਰ ਤੋਂ ਵਾਂਝਾ ਕਰਦਾ ਹੈ ਅਤੇ ਇਸ ਦਾ ਮਕਸਦ ਤੁਹਾਨੂੰ ਜੰਗਲ ਤੱਕ ਹੀ ਸੀਮਿਤ ਰੱਖਣਾ ਹੈ।’’ ਗਾਂਧੀ ਨੇ ਕਿਹਾ, ‘‘ਇਸ ਦਾ ਮਤਲੱਬ ਇਹ ਹੈ ਕਿ ਤੁਸੀਂ ਜੰਗਲ ਨਾਲ ਸਬੰਧ ਰੱਖਦੇ ਹੋ ਅਤੇ ਤੁਹਾਨੂੰ ਜੰਗਲ ਨਹੀਂ ਛੱਡਣਾ ਚਾਹੀਦਾ ਹੈ।’’
ਕਾਂਗਰਸ ਨੇਤਾ ਨੇ ਕਿਹਾ ਕਿ ਇਹ ਵਿਚਾਰਧਾਰਾ ਉਨ੍ਹਾਂ ਦੀ ਪਾਰਟੀ ਨੂੰ ਸਵੀਕਾਰ ਨਹੀਂ ਹੈ, ਕਿਉਂਕਿ ਬਨਵਾਸੀ ਸ਼ਬਦ ਜਨਜਾਤੀ ਭਾਈਚਾਰਿਆਂ ਦੇ ਇਤਿਹਾਸ ਅਤੇ ਪਰੰਪਰਾਵਾਂ ਨੂੰ ‘ਤੋੜ-ਮਰੋੜ ਕੇ ਪੇਸ਼’ ਕਰਦਾ ਹੈ ਅਤੇ ਇਹ ਦੇਸ਼ ਦੇ ਨਾਲ ਉਨ੍ਹਾਂ ਦੇ ਰਿਸ਼ਤੇ ’ਤੇ ਇਕ ‘ਹਮਲਾ’ ਹੈ। ਉਨ੍ਹਾਂ ਕਿਹਾ, ‘‘ਸਾਡੇ (ਕਾਂਗਰਸ ਦੇ) ਲਈ ਤੁਸੀਂ ਆਦਿਵਾਸੀ ਹੋ, ਜ਼ਮੀਨ ਦੇ ਮੂਲ ਮਾਲਕ ਹੋ।’’