ਇੰਡੀਆ ਹੈਬੀਟੇਟ ਸੈਂਟਰ ਸਮੇਤ ਲੁਟੀਅਨਜ਼ ਸੰਸਥਾਵਾਂ ’ਚ ਭਾਜਪਾ ਚਾਹੁੰਦੀ ਹੈ ਆਪਣਾ ਦਬਦਬਾ
Wednesday, Feb 01, 2023 - 11:32 AM (IST)
ਨਵੀਂ ਦਿੱਲੀ– ਵੱਕਾਰੀ ਇੰਡੀਆ ਹੈਬੀਟੇਟ ਸੈਂਟਰ ਦੀ 16 ਮੈਂਬਰੀ ਗਵਰਨਿੰਗ ਕੌਂਸਲ ਨੇ ਇਸ ਮਹੀਨੇ ਸਾਬਕਾ ਪ੍ਰਧਾਨ ਜੀ. ਪਾਰਥਸਾਰਥੀ (ਆਈ. ਐੱਫ. ਐੱਸ.) ਦਾ ਜਾਨਸ਼ੀਨ ਲੱਭਣ ਲਈ ਇਕ ਸਰਚ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ। ਪਾਰਥਸਾਰਥੀ ਨੇ 31 ਅਗਸਤ 2022 ਨੂੰ ਆਪਣਾ ਦੂਜਾ ਵਿਸਥਾਰਤ ਕਾਰਜਕਾਲ ਪੂਰਾ ਕੀਤਾ ਸੀ। ਭਾਜਪਾ ਲੀਡਰਸ਼ਿਪ ਨੇ ਇਸ ਵੱਕਾਰੀ ਅਹੁਦੇ ’ਤੇ ਆਪਣੀ ਪਸੰਦ ਦੇ ਵਿਅਕਤੀ ਨੂੰ ਬਿਠਾਉਣ ਲਈ ਕਮਰ ਕੱਸ ਲਈ ਹੈ। ਇੰਡੀਆ ਹੈਬੀਟੇਟ ਸੈਂਟਰ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਹੈ ਅਤੇ ਸ਼ਹਿਰ ’ਚ ਸਭ ਤੋਂ ਵੱਧ ਮਨਪਸੰਦ ਜਗ੍ਹਾ ਮੰਨੀ ਜਾਂਦੀ ਹੈ।
ਭਾਜਪਾ ਲੀਡਰਸ਼ਿਪ ਉਥੇ ਇਸ ਲਈ ਆਪਣੀ ਪਸੰਦ ਦੇ ਲੋਕਾਂ ਨੂੰ ਉਥੇ ਸਥਾਪਿਤ ਕਰਨਾ ਚਾਹੁੰਦੀ ਹੈ ਕਿਉਂਕਿ ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰਾਲਾ ਨੇ ਫੈਸਲਾਕੁੰਨ ਭੂਮਿਕਾ ਨਿਭਾਉਣੀ ਹੈ। ਭਾਜਪਾ ਲੀਡਰਸ਼ਿਪ ਲੁਟੀਅਨਜ਼ ਦਿੱਲੀ ’ਚ ਸਥਿਤ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ. ਸੀ. ਸੀ.), ਜਿਮਖਾਨਾ ਕਲੱਬ, ਦਿੱਲੀ ਗੋਲਫ ਕਲੱਬ ਅਤੇ ਹੋਰ ਸਾਰੇ ਪ੍ਰਮੁੱਖ ਸੰਸਥਾਨਾਂ ’ਚ ਆਪਣੀ ਪਸੰਦ ਦੇ ਵਿਅਕਤੀਆਂ ਦੇ ਹੱਥ ’ਚ ਕਮਾਨ ਦੇਣਾ ਚਾਹੁੰਦੀ ਹੈ।
ਮਾੜੇ ਪ੍ਰਬੰਧਨ ਅਤੇ ਬੇਨਿਯਮੀਆਂ ਤੋਂ ਬਾਅਦ ਭਾਜਪਾ ਲੀਡਰਸ਼ਿਪ ਨੇ ਪਹਿਲਾਂ ਹੀ ਦਿੱਲੀ ਜਿਮਖਾਨਾ ਕਲੱਬ ’ਚ ਇਕ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ ਹੈ। ਇਸੇ ਤਰ੍ਹਾਂ ਭਾਜਪਾ ਦਿੱਲੀ ਗੋਲਫ ਕਲੱਬ ’ਚ ਵੀ ਫੈਸਲਾਕੁੰਨ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਹੁਣ ਤੱਕ ਵਿਰੋਧੀ ਸ਼ਕਤੀਆਂ ਦੇ ਕਬਜ਼ੇ ’ਚ ਰਿਹਾ ਹੈ। ਆਈ. ਆਈ. ਸੀ. ’ਤੇ ਵੀ ਸਖਤ ਨਜ਼ਰ ਹੈ ਅਤੇ ਭਾਜਪਾ-ਆਰ. ਐੱਸ. ਐੱਸ. ਸਮਰਥਕ ਸਿਰਫ ਕਾਂਗਰਸ ਤੇ ਖੱਬੇਪੱਖੀਆਂ ਦੇ ਢੋਲ ਵਜਾਉਣ ਵਾਲਿਆਂ ਨੂੰ ਇਜਾਜ਼ਤ ਦੇਣ ਦੀ ਬਜਾਏ ਹੋਰ ਵਿਚਾਰਧਾਰਾਵਾਂ ਨਾਲ ਸਬੰਧਤ ਲੋਕਾਂ ਨੂੰ ਵੀ ਉਥੇ ਸੈਮੀਨਾਰ ਆਯੋਜਿਤ ਕਰਨ ਲਈ ਸੱਦਾ ਦਿੱਤੇ ਜਾਣ ਲਈ ਅਧਿਕਾਰੀਆਂ ਨੂੰ ਲਿਖ ਰਹੇ ਹਨ। ਇਨ੍ਹਾਂ ਸੰਸਥਾਨਾਂ ’ਚ ਕਿੰਨਾ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇ, ਇਸ ’ਤੇ ਵੀ ਭਾਜਪਾ ਲੀਡਰਸ਼ਿਪ ਦੀ ਤਿੱਖੀ ਨਜ਼ਰ ਹੈ।