ਭਾਜਪਾ ਆਂਧਰਾ ਪ੍ਰਦੇਸ਼ ’ਚ ਨਾਇਡੂ ਕੋਲੋਂ ਰਾਜ ਸਭਾ ਦੀ ਇਕ ਸੀਟ ਚਾਹੁੰਦੀ ਹੈ
Tuesday, Jun 02, 2026 - 12:10 AM (IST)
ਨੈਸ਼ਨਲ ਡੈਸਕ- ਮੰਨਿਆ ਜਾਂਦਾ ਹੈ ਕਿ ਭਾਜਪਾ ਨੇ ਆਂਧਰਾ ਪ੍ਰਦੇਸ਼ ’ਚ ਆਪਣੇ ਮੁੱਖ ਸਹਿਯੋਗੀ ਐੱਨ. ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੇ ਤੇਲਗੂ ਦੇਸ਼ਮ ਪਾਰਟੀ ਕੋਲੋਂ ਰਾਜ ਸਭਾ ਦੀ ਇਕ ਸੀਟ ਮੰਗੀ ਹੈ।
ਰਾਜਗ ਕਿਉਂਕਿ ਰਾਜ ਸਭਾ ਦੀਆਂ ਚਾਰੋਂ ਸੀਟਾਂ ਜਿੱਤਣ ਦੀ ਸਥਿਤੀ ’ਚ ਹੈ, ਇਸ ਲਈ ਭਾਜਪਾ ਚਾਹੁੰਦੀ ਹੈ ਕਿ ਇਕ ਸੀਟ ਉਸ ਨੂੰ ਦੇੱ ਦਿੱਤੀ ਜਾਏ। ਰਾਜਗ ਨੇ 175 ਮੈਂਬਰੀ ਸੂਬਾਈ ਵਿਧਾਨ ਸਭਾ ’ਚ ਸੱਤਾਧਾਰੀ ਵਾਈ. ਐਸ. ਆਰ. ਸੀ. ਪੀ. ਤੇ ਕਾਂਗਰਸ ਨੂੰ ਬੁਰੀ ਤਰ੍ਹਾਂ ਹਰਾ ਕੇ 164 ਸੀਟਾਂ ਜਿੱਤੀਆਂ ਹਨ। ਇਨ੍ਹਾਂ ’ਚੋਂ ਤੇਲਗੂ ਦੇਸ਼ਮ ਨੇ 135 ਸੀਟਾਂ ਜਿੱਤੀਆਂ ਜਦੋਂ ਕਿ ਜਨ ਸੈਨਾ ਨੇ 21 ਤੇ ਭਾਜਪਾ ਨੇ 8 ਜਿੱਤੀਆਂ।
ਨਾਇਡੂ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਨਾਲ ਇਕ ਸੀਟ ਸਾਂਝੀ ਕਰਨ ਤੋਂ ਝਿਜਕ ਰਹੇ ਹਨ। ਭਾਜਪਾ ਦੀ ਬਜਾਏ ਉਹ ਰਾਜ ਸਭਾ ਦੀ ਇਕ ਸੀਟ ਆਪਣੀ ਖੇਤਰੀ ਸਹਿਯੋਗੀ ਜਨ ਸੈਨਾ ਨੂੰ ਦੇਣਾ ਚਾਹੁੰਦੇ ਹਨ।
ਨਾਇਡੂ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਬਾਕੀ ਤਿੰਨ ਸੀਟਾਂ 'ਤੇ ਚੋਣ ਲੜਨ। ਸੇਵਾਮੁਕਤ ਹੋਣ ਵਾਲੇ 4 ਮੈਂਬਰਾਂ ’ਚੋਂ ਸਨਾ ਸਤੀਸ਼ ਬਾਬੂ ਤੇਲਗੂ ਦੇਸ਼ਮ ਤੋਂ ਹਨ ਜਦੋਂ ਕਿ 3 ਵਾਈ.ਐਸ. ਆਰ. ਸੀ. ਪੀ.-ਕਾਂਗਰਸ ਪਾਰਟੀ ਤੋਂ ਹਨ। ਨਾਇਡੂ ਸਨਾ ਸਤੀਸ਼ ਬਾਬੂ ਨੂੰ ਦੁਬਾਰਾ ਨਾਮਜ਼ਦ ਕਰਨਾ ਚਾਹੁੰਦੇ ਹਨ ਤੇ ਆਪਣੇ 2 ਭਰੋਸੇਮੰਦ ਨੇਤਾਵਾਂ ਨੂੰ ਰਾਜ ਸਭਾ ’ਚ ਭੇਜਣਾ ਚਾਹੁੰਦੇ ਹਨ।
ਰਾਜ ਸਭਾ ਦੀਆਂ 4 ਸੀਟਾਂ ਲਈ 2-ਸਾਲਾ ਚੋਣਾਂ 18 ਜੂਨ ਨੂੰ ਹੋਣਗੀਆਂ। ਉਸ ਦਿਨ ਹੋਰ ਸੂਬਿਆਂ ਦੀਆਂ 20 ਸੀਟਾਂ ਲਈ ਵੀ ਚੋਣਾਂ ਹੋਣਗੀਆਂ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਭਾਜਪਾ ਦਾ ਇਕ ਸੀਨੀਅਰ ਨੇਤਾ ਨਾਮਜ਼ਦਗੀਆਂ ਬੰਦ ਹੋਣ ਤੋਂ ਪਹਿਲਾਂ ਨਾਇਡੂ ਨਾਲ ਗੱਲ ਕਰ ਸਕਦਾ ਹੈ ਤੇ ਉਨ੍ਹਾਂ ਨੂੰ ਇਕ ਸੀਟ ਸਾਂਝੀ ਕਰਨ ਲਈ ਮਨਾ ਸਕਦਾ ਹੈ।
ਭਾਜਪਾ ਦੇ ਰਾਜ ਸਭਾ ’ਚ 113 ਸੰਸਦ ਮੈਂਬਰ ਹਨ ਤੇ ਉਹ ਉੱਥੇ ਜਲਦੀ ਬਹੁਮਤ ਹਾਸਲ ਕਰਨ ਲਈ ਉਤਸੁਕ ਹੈ। ਇਸ ਲਈ ਉਹ ਤੇਲਗੂ ਦੇਸ਼ਮ ਤੋਂ ਇਕ ਵਾਧੂ ਸੀਟ ਦੀ ਮੰਗ ਕਰ ਰਹੀ ਹੈ। ਭਾਜਪਾ ਬੀਜਦ, ਤ੍ਰਿਣਮੂਲ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਰਾਜ ਸਭਾ ਦੇ ਮੌਜੂਦਾ ਮੈਂਬਰਾਂ ਨੂੰ ਆਪਣੀਆਂ ਪਾਰਟੀਆਂ ਤੋਂ ਸਮੂਹਿਕ ਰੂਪ ’ਚ ਅਸਤੀਫਾ ਦੇਣ ਲਈ ਮਨਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਦੁਬਾਰਾ ਨਾਮਜ਼ਦ ਕਰ ਆਪਣੀ ਗਿਣਤੀ ਵਧਾਈ ਜਾ ਸਕੇ।
ਬੀਜਦ ਦੇ ਕਈ ਸੰਸਦ ਮੈਂਬਰ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ, ਜਿਸ ਨਾਲ ਹਾਊਸ ’ਚ ਉਨ੍ਹਾਂ ਦੀ ਤਾਕਤ ਸਿਰਫ 5 ਰਹਿ ਗਈ ਹੈ। ਤ੍ਰਿਣਮੂਲ ਦੇ ਕੁਝ ਸੰਸਦ ਮੈਂਬਰ ਵੀ ਅਸਤੀਫਾ ਦੇ ਸਕਦੇ ਹਨ।
