ਰਾਜ ਸਭਾ ’ਚ ਭਾਜਪਾ ਇਤਿਹਾਸਕ ਬਹੁਮਤ ਤੋਂ 6 ਸੀਟਾਂ ਪਿੱਛੇ
Thursday, Jul 16, 2026 - 09:14 AM (IST)
ਜੇ ਭਾਜਪਾ ਸਿਰਫ਼ 6 ਸੀਟਾਂ ਹੋਰ ਹਾਸਲ ਕਰਦੀ ਹੈ ਤਾਂ ਉਹ ਰਾਜ ਸਭਾ ’ਚ ਬਹੁਮਤ ਹਾਸਲ ਕਰ ਸਕਦੀ ਹੈ। ਰਾਜਗ ਰਾਜ ਸਭਾ ’ਚ ਬਿੱਲ ਪਾਸ ਕਰਨ ਲਈ ਆਰਾਮਦੇਹ ਸਥਿਤੀ ’ਚ ਹੈ। ਭਾਜਪਾ ਹੁਣ ਆਪਣੇ ਦਮ ’ਤੇ 123 ਦੇ ਜਾਦੂਈ ਅੰਕੜੇ ਤੱਕ ਪਹੁੰਚਣ ਦੇ ਨੇੜੇ ਹੈ।
ਭਾਜਪਾ ਨੂੰ 24 ਜੁਲਾਈ ਨੂੰ ਪੱਛਮੀ ਬੰਗਾਲ ਦੀਆਂ ਤਿੰਨੋਂ ਸੀਟਾਂ ’ਤੇ ਉਪ ਚੋਣਾਂ ਜਿੱਤਣ ਨਾਲ ਵੱਡਾ ਫਾਇਦਾ ਹੋਵੇਗਾ। ਇਸ ਨਾਲ ਭਾਜਪਾ ਦੀ ਗਿਣਤੀ 117 ਹੋ ਜਾਵੇਗੀ। ਰਾਜਗ ਦੀ ਗਿਣਤੀ 152 ਤੱਕ ਪਹੁੰਚ ਜਾਵੇਗੀ। 245 ਮੈਂਬਰੀ ਹਾਊਸ ਚ ਬਹੁਮਤ ਦਾ ਅੰਕੜਾ 123 ਹੈ। ਕਾਂਗਰਸ ਪਾਰਟੀ ਨੇ ਆਖਰੀ ਵਾਰ 1986 ’ਚ ਰਾਜ ਸਭਾ ’ਚ ਆਪਣੇ ਦਮ ’ਤੇ ਬਹੁਮਤ ਹਾਸਲ ਕੀਤਾ ਸੀ। ਉਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ।
ਹਾਲਾਂਕਿ, ਭਾਜਪਾ ਸੰਵਿਧਾਨ ਸੋਧ ਬਿੱਲਾਂ ਨੂੰ ਪਾਸ ਕਰਨ ਤੋਂ ਪਿੱਛੇ ਰਹੇਗੀ ਕਿਉਂਕਿ ਉਸ ਕੋਲ ਮੌਜੂਦ ਤੇ ਵੋਟ ਪਾਉਣ ਵਾਲੇ ਦੋ-ਤਿਹਾਈ ਮੈਂਬਰਾਂ ਦੀ ਹਮਾਇਤ ਨਹੀਂ ਹੈ। ਇਨ੍ਹਾਂ ਬਿੱਲਾਂ ਨੂੰ ਪਾਸ ਕਰਨ ਲਈ 163 ਮੈਂਬਰਾਂ ਦੀ ਹਮਾਇਤ ਦੀ ਲੋੜ ਹੈ।
ਰਾਜਗ ਹੁਣ ਇਸ ਗਿਣਤੀ ਤੋਂ ਸਿਰਫ਼ 11 ਵੋਟਾਂ ਪਿੱਛੇ ਹੋਵੇਗਾ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੂੰ ਛੋਟੀਆਂ ਪਾਰਟੀਆਂ ਤੇ ਹੋਰਾਂ ਤੋਂ ਵਧੇਰੇ ਹਮਾਇਤ ਮਿਲੇਗੀ। ਰਾਜਗ ਚ ਭਾਜਪਾ (117), ਦਨਤਾ ਦਲ -ਯੂ (4), ਟੀ. ਡੀ..ਪੀ (4), ਅੰਨਾ ਡੀ. ਐੱਮ. ਕੇ. (4) ਤੇ ਐੱਨ. ਸੀ. ਪੀ. (4) ਸ਼ਾਮਲ ਹਨ। ਸ਼ਿਵ ਸੈਨਾ ਕੋਲ 2, ਆਰ. ਪੀ. ਆਈ. ਕੋਲ ਇਕ, ਆਜ਼ਾਦ ਮੈਬਰ 4 ਤੇ ਰਾਸ਼ਟਰਪਤੀ ਵੱਲੋਂ ਨਾਮਜ਼ਦ 7 ਮੈਂਬਰ ਹਨ।
ਆਮ ਆਦਮੀ ਪਾਰਟੀ ਦੇ 6 ਮੈਂਬਰ ਭਾਜਪਾ ’ਚ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ ਬੀਜੂ ਜਨਤਾ ਦਲ ਦੇ 5 ਤੇ ਵਾਈ. ਐਸ. ਆਰ. ਕਾਂਗਰਸ ਦੇ 4 ਸੰਸਦ ਮੈਂਬਰ ਸਮੇਂ-ਸਮੇਂ ’ਤੇ ਸਰਕਾਰ ਲਈ ਵੋਟ ਪਾ ਚੁੱਕੇ ਹਨ। ਭਾਜਪਾ ਅਹਿਮ ਬਿੱਲਾਂ ’ਤੇ ਐਨ. ਸੀ .ਪੀ. (ਸ਼ਰਦ ਪਵਾਰ) ਦੀ ਹਮਾਇਤ ’ਤੇ ਵੀ ਭਰੋਸਾ ਕਰ ਸਕਦੀ ਹੈ।
