ਪੰਜਾਬ ''ਚ ''ਸਰਕਾਰ-ਏ-ਖਾਲਸਾ'' ਵਰਗਾ ਖ਼ੁਸ਼ਹਾਲ ਰਾਜ ਲਿਆਉਣ ਲਈ ਭਾਜਪਾ ਦੀ ਸਰਕਾਰ ਜ਼ਰੂਰੀ:  ਢਿੱਲੋਂ

Wednesday, Jul 29, 2026 - 11:17 PM (IST)

ਪੰਜਾਬ ''ਚ ''ਸਰਕਾਰ-ਏ-ਖਾਲਸਾ'' ਵਰਗਾ ਖ਼ੁਸ਼ਹਾਲ ਰਾਜ ਲਿਆਉਣ ਲਈ ਭਾਜਪਾ ਦੀ ਸਰਕਾਰ ਜ਼ਰੂਰੀ:  ਢਿੱਲੋਂ

ਤਲਵੰਡੀ ਸਾਬੋ / ਬਠਿੰਡਾ - ਭਾਰਤੀ ਜਨਤਾ ਪਾਰਟੀ ਵਲੋਂ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਪਿੰਡ ਗਾਟਵਾਲੀ ਵਿਖੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਆਮਦ ਨਾਲ ਬਠਿੰਡਾ ਦਿਹਾਤੀ ਵਿੱਚ ਬੇਹੱਦ ਪ੍ਰਭਾਵਸ਼ਾਲੀ ਰੈਲੀ ਹੋਈ।‌ ਨਿਰੋਲ ਦਿਹਾਤੀ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ, ਵਰਕਰਾਂ ਤੋਂ ਇਲਾਵਾ ਪਿੰਡਾਂ ਦੇ ਲੋਕ ਹਾਜ਼ਰ ਹੋਏ।‌

ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਦੋਵੇਂ ਹੀ ਤਬਾਹੀ ਦੇ ਕੰਢੇ 'ਤੇ ਹਨ। ਇੱਕ ਪਾਸੇ ਮਾਲਵਾ ਖਿੱਤੇ ਵਿੱਚ 'ਚਿੱਟੀ ਮੱਖੀ' ਨੇ ਕਿਸਾਨਾਂ ਦੀ ਨਰਮੇ ਦੀ ਫ਼ਸਲਾਂ ਤਬਾਹ ਕਰ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ 'ਚਿੱਟੇ ਨਸ਼ੇ' ਨੇ ਪੰਜਾਬ ਦੇ ਨੌਜਵਾਨਾਂ ਨੂੰ ਖ਼ਤਮ ਕਰ ਦਿੱਤਾ ਹੈ। ਤਿੰਨ ਮਹੀਨੇ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲੀ 'ਆਪ' ਸਰਕਾਰ ਦੇ ਰਾਜ ਵਿੱਚ ਨਸ਼ਾ ਦਿਨੋਂ ਦਿਨ ਵਧ ਰਿਹਾ ਹੈ। ਸਰਕਾਰ ਨਸ਼ਾ ਖਤਮ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।

ਉਹਨਾਂ ਕਿਹਾ 'ਆਪ' ਸਰਕਾਰ ਲਗਾਤਾਰ ਪੰਜਾਬ ਸਿਰ ਕਰਜ਼ਾ ਚੜ੍ਹਾ ਰਹੀ ਹੈ। ਸਰਕਾਰ ਸੰਭਾਲਣ ਸਮੇਂ ਪੰਜਾਬ ਸਿਰ ਕਰਜ਼ਾ 2.82 ਲੱਖ ਕਰੋੜ ਰੁਪਏ ਸੀ, ਜੋ ਇਸ ਸਰਕਾਰ ਨੇ ਸਾਢੇ ਚਾਰ ਲੱਖ ਕਰੋੜ ਰੁਪਏ ਤੱਕ ਪਹੁੰਚਾ ਦਿੱਤਾ ਹੈ। ਇਸ ਕਰਜ਼ੇ ਨਾਲ ਕੋਈ ਵਿਕਾਸ ਨਹੀਂ ਕੀਤਾ ਗਿਆ, ਜਦਕਿ ਦਿੱਲੀ ਤੋਂ ਆਲੇ ਹਾਰੇ ਹੋਏ ਲੁੱਟ ਰਹੇ ਹਨ। 

ਉਨ੍ਹਾਂ ਕਿਹਾ ਕਿ ਜਿਵੇਂ ਅਹਿਮਦ ਸ਼ਾਹ ਅਬਦਾਲੀ ਪੰਜਾਬ ਨੂੰ ਲੁੱਟਦਾ ਸੀ, ਠੀਕ ਉਸੇ ਤਰ੍ਹਾਂ ਅੱਜ 'ਆਪ' ਦੇ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਰਹੇ ਹਨ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਜਰੀਵਾਲ ਇੱਕ ਮਹਾਂ ਡਰਾਮੇਬਾਜ਼ ਹੈ, ਜਦਕਿ ਭਾਰਤੀ ਜਨਤਾ ਪਾਰਟੀ ਡਰਾਮੇਬਾਜ਼ੀ ਦੀ ਨਹੀਂ, ਸਗੋਂ ਕੰਮ ਕਰਨ ਵਾਲੀ ਸਰਕਾਰ ਹੈ। 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਗਰੰਟੀਆਂ ਦੇ ਨਾਂ 'ਤੇ ਪੰਜਾਬ ਦੀਆਂ ਔਰਤਾਂ ਨਾਲ ਵੀ ਵੱਡਾ ਧੋਖਾ ਕੀਤਾ ਹੈ। ਸਾਢੇ ਚਾਰ ਸਾਲ ਦੀ ਥਾਂ ਤਿੰਨ ਮਹੀਨੇ ਦੇ ਪੈਸੇ ਦੇ ਕੇ ਡਰਾਮਾ ਕੀਤਾ ਜਾ ਰਿਹਾ ਹੈ, ਜਦਕਿ ਤਿੰਨ ਮਹੀਨੇ ਦੇ ਪੈਸੇ ਵੀ ਬੀਬੀਆਂ ਨੂੰ ਸਹੀ ਦਿੱਤੇ ਜਾ ਰਹੇ। 

ਭਾਜਪਾ ਪ੍ਰਧਾਨ ਨੇ ਕਿਹਾ ਕਿ ਅੱਜ ਦੇਸ਼ ਦੇ 22 ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ, ਜੋ ਸ਼ਾਸਨ ਅਤੇ ਵਿਕਾਸ ਦੀਆਂ ਮਿਸਾਲਾਂ ਕਾਇਮ ਕਰ ਰਹੀਆਂ ਹਨ। ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਵੀ ਸਿਰਫ਼ 'ਡਬਲ ਇੰਜਣ' ਦੀ ਸਰਕਾਰ ਹੀ ਕਰ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਸੜਕਾਂ ਬਣਾਉਣ ਲਈ ਪੈਸਾ ਕੇਂਦਰ ਦੀ ਮੋਦੀ ਸਰਕਾਰ ਭੇਜਦੀ ਹੈ, ਪਰ 'ਇਸ਼ਤਿਹਾਰੀ ਮੁੱਖ ਮੰਤਰੀ' ਕੇਂਦਰ ਦੀਆਂ ਯੋਜਨਾਵਾਂ 'ਤੇ ਆਪਣੀਆਂ ਤਸਵੀਰਾਂ ਲਾ ਕੇ ਫੋਕੀ ਵਾਹ-ਵਾਹੀ ਲੁੱਟ ਰਹੇ ਹਨ।

ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਸਿੱਖਿਆ ਢਾਂਚੇ 'ਤੇ ਬੋਲਦਿਆਂ ਢਿੱਲੋਂ ਨੇ ਕਿਹਾ ਕਿ ਅੱਜ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਇੰਨੀ ਵਿਗੜ ਚੁੱਕੀ ਹੈ ਕਿ 'ਆਪ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਡੀਜੀਪੀ ਪੰਜਾਬ ਨੂੰ ਚਿੱਠੀਆਂ ਲਿਖਣੀਆਂ ਪੈ ਰਹੀਆਂ ਹਨ। ਇਹ ਚਿੱਠੀ ਨੇ ਸਰਕਾਰ ਦੇ ਅਮਨ ਕਾਨੂੰਨ ਦੀ ਸਥਿਤੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। 

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ ਵਿੱਚ ਲਗਾਤਾਰ ਚਾਰ ਸਰਕਾਰੀ ਪ੍ਰੀਖਿਆਵਾਂ ਦੇ ਪੇਪਰ ਲੀਕ ਹੋ ਚੁੱਕੇ ਹਨ ਅਤੇ ਦੋ ਨਕਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਰ ਕੇਜਰੀਵਾਲ ਅਤੇ 'ਆਪ' ਨੇਤਾਵਾਂ ਦੇ ਦਿੱਲੀ ਵਿੱਚ ਮੂੰਹ ਖੁੱਲ ਰਹੇ ਹਨ, ਜਦਕਿ ਪੰਜਾਬ ਦੇ ਪੇਪਰ ਲੀਕ ਮਾਮਲਿਆਂ 'ਤੇ ਇਹਨਾਂ ਚੁੱਪੀ ਧਾਰ ਰੱਖੀ ਹੈ। 

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦੇ ਹਾਂ ਅਤੇ ਪੰਜਾਬ ਵਿੱਚ 'ਮਹਾਰਾਜਾ ਰਣਜੀਤ ਸਿੰਘ' ਸਰਕਾਰ ਏ ਖਾਲਸਾ ਦੇ ਸੰਕਲਪ ਵਾਲਾ ਸੁਖਾਲਾ ਅਤੇ ਖ਼ੁਸ਼ਹਾਲ ਰਾਜ ਵਾਪਸ ਲਿਆਉਣਾ ਚਾਹੁੰਦੇ ਹਾਂ, ਤਾਂ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਬਣਾਉਣੀ ਪਵੇਗੀ।

ਇਸ ਮੌਕੇ ਸੁਖਵਿੰਦਰ ਸਿੰਘ ਅਤੇ ਨਵਜੋਤ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਕੇਵਲ ਸਿੰਘ ਢਿੱਲੋਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਪਰਮਪਾਲ ਕੌਰ ਮਲੂਕਾ, ਸਰੂਪ ਚੰਦ ਸਿੰਗਲਾ ਤੇ ਹੋਰ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।


author

Inder Prajapati

Content Editor

Related News