ਜੰਮੂ ਕਸ਼ਮੀਰ ਦੀ ਅਰਥਵਿਵਸਥਾ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ : ਮਹਿਬੂਬਾ ਮੁਫ਼ਤੀ
Sunday, Apr 10, 2022 - 02:24 PM (IST)
ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਜੰਮੂ ਕਸ਼ਮੀਰ ਦੀ ਅਰਥਵਿਵਸਥਾ ਨੂੰ ਬਰਬਾਦ ਕਰਨ ਅਤੇ ਲੋਕਾਂ ਦਾ ਉਤਪੀੜਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸਭ 'ਚੁੱਪਚਾਪ' ਦੇਖ ਰਹੇ ਹਨ। ਮਹਿਬੂਬਾ ਮੁਫ਼ਤੀ ਨੇ ਕਿਹਾ,''ਮੈਨੂੰ ਪ੍ਰਧਾਨ ਮੰਤਰੀ ਤੋਂ ਕੋਈ ਉਮੀਦ ਨਹੀਂ ਹੈ।''
ਕੁਪਵਾੜਾ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਤੋਂ ਜਾਣਨਾ ਚਾਹਿਆ ਕਿ ਸਰਕਾਰ ਦਾ ਦਾਅਵਾ ਹੈ ਕਿ ਘਾਟੀ 'ਚ ਸ਼ਾਂਤੀ ਹੈ, ਇਸ ਦੇ ਬਾਵਜੂਦ ਸੁਰੱਖਿਆ ਕਰਮੀਆਂ ਦੀ ਗਿਣਤੀ 'ਚ ਵਾਧਾ ਕਿਉਂ ਕੀਤਾ ਗਿਆ? ਉਨ੍ਹਾਂ ਕਿਹਾ,''ਜੋ ਹਾਲਾਤ ਭਾਜਪਾ ਨੇ ਜੰਮੂ ਕਸ਼ਮੀਰ 'ਚ ਬਣਾਏ ਹਨ, ਪਿਛਲੇ 3 ਸਾਲਾਂ ਤੋਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਰੋਜ਼ ਛਾਪੇਮਾਰੀ ਕੀਤੀ ਜਾ ਰਹੀ ਹੈ, ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਅਤੇ ਫ਼ੌਜ ਦੇ ਸੇਵਾਮੁਕਤ ਜਵਾਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਇਹ ਨੀਤੀ ਜੰਮੂ ਕਸ਼ਮੀਰ ਦੀ ਅਰਥਵਿਵਸਥਾ ਅਤੇ ਸਾਡੀ ਪਛਾਣ ਨਸ਼ਟ ਕਰ ਦੇਵੇਗੀ। ਸਾਡੇ ਪ੍ਰਧਾਨ ਮੰਤਰੀ ਚੁੱਪਚਾਪ ਦੇਖ ਰਹੇ ਹਨ ਅਤੇ ਮੈਨੂੰ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਹੈ।''