ਭਾਜਪਾ ਦੇ ਤਿੰਨ ਨੇਤਾਵਾਂ ਦੇ ਕਤਲ 'ਚ ਸ਼ਾਮਲ TRF ਅੱਤਵਾਦੀ ਗ੍ਰਿਫ਼ਤਾਰ

02/13/2021 12:48:12 PM

ਜੰਮੂ- 'ਦਿ ਰਿਜ਼ੀਸਟਨਸ ਫਰੰਟ' (ਟੀ.ਆਰ.ਐੱਫ.) ਨਾਲ ਜੁੜੇ ਇਕ ਅੱਤਵਾਦੀ ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਪਿਛਲੇ ਸਾਲ ਭਾਜਪਾ ਦੇ ਤਿੰਨ ਨੇਤਾਵਾਂ ਅਤੇ ਇਕ ਪੁਲਸ ਮੁਲਾਜ਼ਮ ਦੇ ਕਤਲ ਦੇ ਸਿਲਸਿਲੇ 'ਚ ਵਾਂਟੇਡ ਸੀ। ਪੁਲਸ ਦੇ ਇਕ ਸੀਨੀਅਰ ਅਧਿਕਰੀ ਨੇ ਦੱਸਿਆ ਕਿ ਜ਼ਹੂਰ ਅਹਿਮਦ ਰਾਠੇਰ ਉਰਫ਼ ਸਾਹਿਲ, ਉਰਫ਼ ਖਾਲਿਦ ਜੰਮੂ ਖੇਤਰ ਦੇ ਸਾਂਬਾ ਜ਼ਿਲ੍ਹੇ 'ਚ ਲੁਕਿਆ ਹੋਇਆ ਸੀ। ਉਸ ਨੂੰ ਅਨੰਤਨਗ ਪੁਲਸ ਨੇ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਹੈ। ਟੀ.ਆਰ.ਐੱਫ. ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਇਕ ਬਰਾਂਚ ਹੈ। ਰਾਠੇਰ ਦੀ ਗ੍ਰਿਫ਼ਤਾਰੀ ਤੋਂ ਕਰੀਬ ਇਕ ਹਫ਼ਤੇ ਪਹਿਲਾਂ ਪੁਲਸ ਨੇ ਲਸ਼ਕਰ-ਏ-ਮੁਸਤਫ਼ਾ ਦੇ ਕਮਾਂਡਰ ਹਿਦਾਇਤੁੱਲਾਹ ਮਲਿਕ ਉਰਫ਼ ਹਸਨੈਨ ਨੂੰ ਜੰਮੂ ਦੇ ਕੁੰਜਵਾਨੀ ਤੋਂ ਗ੍ਰਿਫ਼ਤਾਰ ਕੀਤਾ ਸੀ। 

ਰਾਠੇਰ ਦੱਖਣੀ ਕਸ਼ਮੀਰ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰਾਂ ਨੂੰ ਲੈਣ ਲਈ ਸਾਂਬਾ ਚੱਲਾ ਗਿਆ ਸੀ। ਅਨੰਤਨਾਗ ਅਤੇ ਸਾਂਬਾ ਪੁਲਸ ਦੀ ਸਾਂਝੀ ਮੁਹਿੰਮ ਦੌਰਾਨ ਬਾਰੀ ਬ੍ਰਾਹਾਨਾ ਇਲਾਕੇ 'ਚ ਸਥਿਤ ਇਕ ਘਰ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਉਸ ਨੇ ਕਿਰਾਏ 'ਤੇ ਲਿਆ ਹੋਇਆ ਸੀ। ਅੱਤਵਾਦੀ ਦੀ ਗ੍ਰਿਫ਼ਤਾਰੀ ਨੂੰ ਇਕ ਵੱਡੀ ਕਾਮਯਾਬੀ ਦੱਸਦੇ ਹੋਏ ਅਧਿਕਾਰੀ ਨੇ ਕਿਹਾ ਕਿ ਰਾਠੇਰ ਪਿਛਲੇ ਸਾਲ ਕੁਲਗਾਮ ਜ਼ਿਲ੍ਹੇ 'ਚ ਭਾਜਪਾ ਦੇ ਤਿੰਨ ਆਗੂਆਂ ਅਤੇ ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਦੇ ਫੁਰਰਾ ਪਿੰਡ 'ਚ ਇਕ ਪੁਲਸ ਮੁਲਾਜ਼ਮ ਦੇ ਕਤਲ 'ਚ ਸ਼ਾਮਲ ਸੀ। 

ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਰਾਠੇਰ ਨੇ 2004 'ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਹਥਿਆਰ ਚਲਾਉਣ ਦੀ ਸਿਖਲਾਈ ਲਈ ਸੀ ਅਤੇ 5 ਵਿਦੇਸ਼ੀ ਅੱਤਵਾਦੀਆਂ ਨਾਲ ਭਾਰਤ 'ਚ ਆਇਆ ਸੀ। ਉਸ ਨੇ 2006 'ਚ ਆਤਮਸਮਰਪਣ ਕਰ ਦਿੱਤਾ ਸੀ ਪਰ ਪਿਛਲੇ ਸਾਲ ਉਹ ਫਿਰ ਤੋਂ ਅੱਤਵਾਦ ਦੇ ਰਸਤੇ 'ਤੇ ਆ ਗਿਆ ਅਤੇ ਟੀ.ਆਰ.ਐੱਫ. 'ਚ ਸ਼ਾਮਲ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਅੱਤਵਾਦੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੇ ਖ਼ੁਲਾਸੇ ਤੋਂ ਬਾਅਦ ਕੁਝ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀ ਹੋ ਸਕਦੀ ਹੈ।


DIsha

Content Editor

Related News