ਭਾਜਪਾ ਨੇ ਤਾਮਿਲਨਾਡੂ ''ਚ ਅੰਨਾ ਡੀ.ਐੱਮ.ਕੇ. ਕੋਲੋਂ ਮੰਗੀਆਂ 60 ਸੀਟਾਂ, ''21 ਮਿਲਣ ਦੀ ਸੰਭਾਵਨਾ''
Monday, Mar 01, 2021 - 09:34 PM (IST)
ਚੇੱਨਈ - ਤਾਮਿਲਨਾਡੂ ਵਿਚ ਅੰਨਾ ਡੀ.ਐੱਮ.ਕੇ. ਦੀ ਅਗਵਾਈ ਵਾਲੇ ਗਠਜੋੜ ਦੀ ਸਹਿਯੋਗੀ ਪਾਰਟੀ ਭਾਜਪਾ ਹੁਣ ਵੱਧ ਤੋਂ ਵੱਧ ਸੀਟਾਂ ਲੈਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ। ਭਾਜਪਾ ਨੇ ਸੱਤਾਧਾਰੀ ਅੰਨਾ ਡੀ.ਐੱਮ.ਕੇ. ਕੋਲੋਂ 60 ਸੀਟਾਂ ਦੀ ਮੰਗ ਕਰਦੇ ਹੋਏ ਉਨ੍ਹਾਂ ਚੋਣ ਹਲਕਿਆਂ ਦੀ ਸੂਚੀ ਸੌਂਪੀ ਹੈ, ਜਿੱਥੋਂ ਉਸ ਨੇ ਬੀਤੇ ਸਮੇਂ ਦੌਰਾਨ ਹੋਈਆਂ ਚੋਣਾਂ ਵਿਚ ਅਹਿਮ ਵੋਟਾਂ ਹਾਸਲ ਕੀਤੀਆਂ ਸਨ। ਅੰਨਾ ਡੀ.ਐੱਮ.ਕੇ. ਭਾਜਪਾ ਨੂੰ ਉਸ ਦੀ ਮੰਗ ਤੋਂ ਇਕ ਤਿਹਾਈ ਸੀਟਾਂ ਦੇਣ ਦੇ ਹੱਕ ਵਿਚ ਹੈ। ਅੰਨਾ ਡੀ.ਐੱਮ.ਕੇ. ਵਲੋਂ ਭਾਜਪਾ ਨੂੰ 21 ਸੀਟਾਂ ਦਿੱਤੇ ਜਾਣ ਦੀ ਹੀ ਸੰਭਾਵਨਾ ਹੈ।
ਇਹ ਵੀ ਪੜ੍ਹੋ- 'ਟੀਕਾ ਲੱਗਣ ਦੇ ਚਾਰ ਦਿਨ ਬਾਅਦ ਮੌਤ ਨੂੰ ਵੈਕਸੀਨ ਨਾਲ ਨਹੀਂ ਜੋੜਿਆ ਜਾ ਸਕਦਾ'
ਅੰਨਾ ਡੀ.ਐੱਮ.ਕੇ. ਨੇ 2 ਦਿਨ ਪਹਿਲਾਂ ਆਪਣੀ ਇਕ ਹੋਰ ਸਹਿਯੋਗੀ ਪਾਰਟੀ ਐੱਸ. ਰਾਮਦਾਸ ਦੀ ਪੀ.ਐੱਮ. ਕੇ. ਨੂੰ 23 ਸੀਟਾਂ ਦਿੱਤੀਆਂ ਹਨ। ਭਾਜਪਾ ਨੂੰ ਉਸ ਤੋਂ ਵੀ ਘੱਟ ਸੀਟਾਂ ਦੇਣ ਲਈ ਅੰਨਾ ਡੀ.ਐੱਮ.ਕੇ. ਇਹ ਦਲੀਲ ਦੇ ਰਹੀ ਹੈ ਕਿ ਪੀ.ਐੱਮ.ਕੇ. ਸੂਬੇ ਵਿਚ ਭਾਜਪਾ ਤੋਂ ਸੀਨੀਅਰ ਹੋਣਾ ਚਾਹੁੰਦੀ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਅੰਨਾ ਡੀ.ਐੱਮ. ਕੇ ਦੇ ਪ੍ਰਮੁੱਖ ਆਗੂ ਪਲਾਨੀਸਾਮੀ ਅਤੇ ਉਪ ਮੁੱਖ ਮੰਤਰੀ ਪਨੀਰਸੇਲਵਮ ਨੇ ਐਤਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਸੀਟਾਂ ਦੀ ਵੰਡ ਬਾਰੇ ਚਰਚਾ ਕੀਤੀ ਸੀ।
ਇਹ ਵੀ ਪੜ੍ਹੋ - ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
ਭਾਜਪਾ ਦੇ ਕੌਮੀ ਜਨਰਲ ਸਕੱਤਰ ਪੀ.ਐੱਲ. ਸੰਤੋਸ਼, ਭਾਜਪਾ ਦੇ ਸੂਬਾਈ ਪ੍ਰਧਾਨ ਐੱਲ. ਮੁਰੂਗਨ, ਪਾਰਟੀ ਦੇ ਸੀਨੀਅਰ ਵਰਕਰ ਅਤੇ ਅੰਨਾ ਡੀ.ਐੱਮ.ਕੇ. ਦੇ ਐੱਮ.ਪੀ. ਰਵਿੰਦਰਨਾਥ ਕੁਮਾਰ ਇਸ ਮੌਕੇ 'ਤੇ ਮੌਜੂਦ ਸਨ। ਅਮਿਤ ਸ਼ਾਹ ਨੇ ਐਤਵਾਰ ਵਿੱਲੂਪੁਰਮ ਵਿਖੇ ਪਾਰਟੀ ਦੀ ਇਕ ਬੈਠਕ ਵਿਚ ਕਿਹਾ ਕਿ ਭਾਜਪਾ ਸੂਬੇ ਵਿਚ ਆਪਣਾ ਪ੍ਰਚਾਰ ਵਧਾਏ, ਜ਼ਮੀਨੀ ਪੱਧਰ 'ਤੇ ਕੰਮ ਕਰੇ ਅਤੇ ਚੋਣ ਸਹਿਯੋਗੀਆਂ ਨਾਲ ਗੱਲਬਾਤ ਕਰੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।