ਵੱਡੀ ਖ਼ਬਰ : ਭਾਜਪਾ ਨੇ ਕੰਗਨਾ ਰਣੌਤ ਨੂੰ ਕੀਤਾ ਤਲਬ

Tuesday, Aug 27, 2024 - 06:57 PM (IST)

ਵੱਡੀ ਖ਼ਬਰ : ਭਾਜਪਾ ਨੇ ਕੰਗਨਾ ਰਣੌਤ ਨੂੰ ਕੀਤਾ ਤਲਬ

ਨਵੀਂ ਦਿੱਲੀ, (ਕਮਲ ਕਾਂਸਲ)- ਵਿਵਾਦਿਤ ਬਿਆਨ ਨੂੰ ਲੈ ਕੇ ਭਾਜਪਾ ਨੇ ਕੰਗਨਾ ਰਣੌਤ ਨੂੰ ਤਲਬ ਕੀਤਾ ਹੈ। ਇਸ ਸੰਬੰਧ 'ਚ 7 ਵਜੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਅਹਿਮ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿਚ ਕੰਗਨਾ ਰਣੌਤ ਨੂੰ ਮੁਲਾਕਾਤ ਲਈ ਸੱਦਿਆ ਗਿਆ ਹੈ। 

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਕਿਸੇ ਨਾ ਕਿਸੇ ਵਿਵਾਦਿਤ ਬਿਆਨ ਨੂੰ ਲੈ ਕੇ ਘਿਰੀ ਹੀ ਰਹਿੰਦੀ ਹੈ। ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਬੀਤੇ ਦਿਨੀਂ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਸਾਨ ਅੰਦੋਲਨ 'ਤੇ ਵਿਵਾਦਿਤ ਬਿਆਨ ਦਿੱਤਾ ਅਤੇ ਇਸ ਨੂੰ ਬੰਗਲਾਦੇਸ਼ ਦੀ ਘਟਨਾ ਨਾਲ ਜੋੜਿਆ ਸੀ। ਕੰਗਨਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਚੀਨ ਅਤੇ ਅਮਰੀਕਾ ਵਰਗੀਆਂ ਵਿਦੇਸ਼ੀ ਸ਼ਕਤੀਆਂ ਕੰਮ ਕਰਦੀਆਂ ਹਨ।

ਕੰਗਨਾ ਦੇ ਬਿਆਨ 'ਤੇ ਭਾਜਪਾ ਦੀ ਪ੍ਰਤੀਕਿਰਿਆ

ਭਾਜਪਾ ਨੇ ਕੰਗਨਾ ਦੇ ਬਿਆਨ 'ਤੇ ਕਿਹਾ ਹੈ, "ਭਾਜਪਾ ਰਣੌਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਉਂਦੀ ਹੈ। ਪਾਰਟੀ ਵੱਲੋਂ ਕੰਗਨਾ ਰਣੌਤ ਨੂੰ ਪਾਰਟੀ ਨੀਤੀਗਤ ਮੁੱਦਿਆਂ 'ਤੇ ਬੋਲਣ ਦੀ ਨਾ ਤਾਂ ਇਜਾਜ਼ਤ ਹੈ ਅਤੇ ਨਾ ਹੀ ਅਧਿਕਾਰ ਹੈ।"

ਭਾਜਪਾ ਨੇ ਕਿਹਾ, "ਭਾਰਤੀ ਜਨਤਾ ਪਾਰਟੀ ਨੇ ਕੰਗਨਾ ਰਣੌਤ ਨੂੰ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਦਾ ਨਿਰਦੇਸ਼ ਦਿੱਤਾ ਹੈ।"

ਪਾਰਟੀ ਨੇ ਅੱਗੇ ਕਿਹਾ, "ਭਾਰਤੀ ਜਨਤਾ ਪਾਰਟੀ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸʼ ਅਤੇ ਸਮਾਜਿਕ ਸਦਭਾਵਨਾ ਦੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਦ੍ਰਿੜ ਹੈ।"

ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਏ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਦੇ ਕਈ ਬਿਆਨਾਂ ਨੂੰ ਲੈ ਕੇ ਵਿਵਾਦ ਹੋਇਆ ਹੈ।

ਕੀ ਸੀ ਕੰਗਨਾ ਦਾ ਬਿਆਨ

ਕੰਗਨਾ ਰਣੌਤ ਨੇ ਹਾਲ ਹੀ 'ਚ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ, "ਜੋ ਕੁਝ ਬੰਗਲਾਦੇਸ਼ 'ਚ ਹੋਇਆ ਹੈ, ਇਹ ਇੱਥੇ (ਭਾਰਤ) ਹੁੰਦੇ ਵੀ ਦੇਰ ਨਹੀਂ ਲੱਗਦੀ ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ।"

ਕੰਗਨਾ ਨੇ ਬੰਗਲਾਦੇਸ਼ ਵਿੱਚ ਹਾਲ ਹੀ ਦੇ ਅੰਦੋਲਨ ਅਤੇ ਸੱਤਾ ਪਰਿਵਰਤਨ ਨੂੰ ਭਾਰਤ ਵਿੱਚ ਕਿਸਾਨ ਅੰਦੋਲਨ ਨਾਲ ਜੋੜਿਆ ਅਤੇ ਕਿਹਾ, "ਇੱਥੇ ਜੋ ਕਿਸਾਨ ਅੰਦੋਲਨ ਹੋਏ, ਉੱਥੇ ਲਾਸ਼ਾਂ ਲਟਕੀਆਂ ਸਨ, ਉੱਥੇ ਬਲਾਤਕਾਰ ਹੋ ਰਹੇ ਸਨ..."

"ਕਿਸਾਨਾਂ ਦੀ ਇੱਕ ਲੰਬੀ ਯੋਜਨਾ ਸੀ, ਜਿਵੇਂ ਬੰਗਲਾਦੇਸ਼ ਵਿੱਚ ਵਾਪਰਿਆ। ਅਜਿਹੀਆਂ ਸਾਜ਼ਿਸ਼ਾਂ... ਤੁਹਾਨੂੰ ਕੀ ਲੱਗਦਾ ਹੈ ਕਿਸਾਨੋਂ...? ਚੀਨ, ਅਮਰੀਕਾ... ਅਜਿਹੀਆਂ ਵਿਦੇਸ਼ੀ ਤਾਕਤਾਂ ਇੱਥੇ ਕੰਮ ਕਰ ਰਹੀਆਂ ਹਨ।"


author

Rakesh

Content Editor

Related News