‘ਆਪ’ ਦੇ ਹਮਦਰਦੀ ਲਈ ਨਵਾਂ ਹਥਕੰਡਾ ਅਪਣਾਇਆ : ਭਾਜਪਾ

Friday, Aug 26, 2022 - 01:37 PM (IST)

‘ਆਪ’ ਦੇ ਹਮਦਰਦੀ ਲਈ ਨਵਾਂ ਹਥਕੰਡਾ ਅਪਣਾਇਆ : ਭਾਜਪਾ

ਨਵੀਂ ਦਿੱਲੀ (ਭਾਸ਼ਾ)– ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਉਸ ਦੇ ਵਿਧਾਇਕਾਂ ਨੂੰ ਤੋੜਨ ਅਤੇ ਪਾਰਟੀ ਬਦਲਣ ਲਈ ਪੈਸੇ ਦੀ ਪੇਸ਼ਕਸ਼ ਦੇ ਦੋਸ਼ਾਂ ਨੂੰ ‘ਬਕਵਾਸ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਆਬਕਾਰੀ ਨੀਤੀ ’ਚ ਹੋਏ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਭਟਕਾਉਣ ਲਈ ਉਹ ਨਿੱਤ ਨਵੇਂ ‘ਨਾਟਕ’ ਕਰ ਰਹੀ ਹੈ। ਭਾਜਪਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਵਿਧਾਇਕਾਂ ਦੇ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਜਾਣ ਅਤੇ ਉੱਥੇ ਪ੍ਰਾਰਥਨਾ ਕਰਨ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਸ ਦੇ ਵਰਕਰ ਰਾਜਘਾਟ ’ਤੇ ਜਾ ਕੇ ਉਥੇ ਗੰਗਾਜਲ ਦਾ ਛਿੜਕਾਅ ਕਰਨਗੇ।

ਪਾਰਟੀ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਪਾਰਟੀ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ’ਚ ਹੋਏ ਭ੍ਰਿਸ਼ਟਾਚਾਰ ਨੂੰ ਲੈ ਕੇ ਪਾਰਟੀ ਉਨ੍ਹਾਂ ਤੋਂ ਸਿੱਧੇ ਸਪੱਸ਼ਟ ਸਵਾਲ ਪੁੱਛ ਰਹੀ ਹੈ ਪਰ ਉਹ ਮੁੱਦੇ ਨੂੰ ਭਟਕਾਉਣ ਲਈ ‘ਨਾਟਕ’ ਕਰ ਰਹੇ ਹਨ।

ਭਾਜਪਾ ਨੇ ‘ਆਪ’ ਦੇ ਵਿਧਾਇਕਾਂ ਨੂੰ ਤੋੜਣ ਦੇ ਦੋਸ਼ਾਂ ਨੂੰ ਖਾਰਿਜ ਕੀਤਾ ਅਤੇ ਇਸ ਨੂੰ ਕੇਜਰੀਵਾਲ ਦੀ ਪਾਰਟੀ ਦਾ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਹਥਕੰਡਾ ਕਰਾਰ ਦਿੱਤਾ। ਭਾਜਪਾ ਦੇ ਸੰਸਦਮ ਮੈਂਬਰ ਮਨੋਜ ਤਿਵਾਰੀ ਨੇ ਕਿਹਾ ਕਿ ‘ਆਪ’ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਨੇ ਦਿੱਲੀ ਦੀ ਆਬਕਾਰੀ ਨੀਤੀ ’ਤੇ ਕੇਜਰੀਵਾਲ ਦੀ ਚੁੱਪੀ ’ਤੇ ਸਵਾਲ ਉਠਾਇਆ। ਭਾਜਪਾ ਨੇ ‘ਆਪ’ ਨੂੰ ਉਨ੍ਹਾਂ ਲੋਕਾਂ ਦੇ ਨਾਂ ਉਜਾਗਰ ਕਰਨ ਦੀ ਚੁਣੌਤੀ ਦਿੱਤੀ ਹੈ, ਜਿਨ੍ਹਾਂ ਨੇ ਪਾਰਟੀ ਬਦਲਣ ਦੀ ਪੇਸ਼ਕਸ਼ ਦੇ ਨਾਲ ਉਸ ਦੇ ਵਿਧਾਇਕਾਂ ਨਾਲ ਕਥਿਤ ਤੌਰ ’ਤੇ ਸੰਪਰਕ ਕੀਤਾ ਹੈ।


author

Rakesh

Content Editor

Related News