BJP ਦਾ ਪਹਿਲਵਾਨਾਂ ਨਾਲ ਵਤੀਰਾ ਦੁਖ਼ਦ ਅਤੇ ਸ਼ਰਮਨਾਕ: CM ਕੇਜਰੀਵਾਲ
Thursday, May 04, 2023 - 12:33 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ 'ਤੇ ਪਹਿਲਵਾਨਾਂ ਅਤੇ ਪੁਲਸ ਵਿਚਾਲੇ ਹੋਈ ਹੱਥੋਪਾਈ ਨੂੰ ਲੈ ਕੇ ਵੀਰਵਾਰ ਨੂੰ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਰਾਸ਼ਟਰੀ ਖਿਡਾਰੀਆਂ ਨਾਲ ਉਸ ਦੇ ਵਤੀਰੇ ਨੂੰ ਦੁਖ਼ਦ ਅਤੇ ਸ਼ਰਨਮਾਕ ਦੱਸਿਆ। ਕੇਜਰੀਵਾਲ ਨੇ ਟਵੀਟ ਕਰ ਕੇ ਦੋਸ਼ ਲਾਇਆ ਕਿ ਦੇਸ਼ ਦੇ ਚੈਂਪੀਅਨ ਨਾਲ ਇੰਨਾ ਗਲਤ ਵਤੀਰਾ? ਇਹ ਬੇਹੱਦ ਦੁਖ਼ਦ ਅਤੇ ਸ਼ਰਮਨਾਕ ਹੈ। ਘਮੰਡ 'ਚ ਪੂਰੀ ਭਾਜਪਾ ਦਾ ਦਿਮਾਗ ਖ਼ਰਾਬ ਹੋ ਚੁੱਕਾ ਹੈ। ਇਹ ਲੋਕ ਸਿਰਫ ਗੁੰਡਾਗਰਦੀ ਨਾਲ ਪੂਰੇ ਸਿਸਟਮ ਨੂੰ ਤਬਾਹ ਕਰਨਾ ਚਾਹੁੰਦੇ ਹਨ। ਇਨ੍ਹਾਂ ਨੇ ਪੂਰੇ ਸਿਸਟਮ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਦੇਸ਼ ਵਾਸੀਆਂ ਨੂੰ ਮੇਰੀ ਅਪੀਲ ਹੁਣ ਬੱਸ.. ਹੁਣ ਹੋਰ ਨਹੀਂ। ਭਾਜਪਾ ਦੀ ਗੁੰਡਾਗਰਦੀ ਬਰਦਾਸ਼ਤ ਨਾ ਕਰੋ। ਭਾਜਪਾ ਨੂੰ ਉਖਾੜ ਦੇਣ ਨਾਲ ਹੁਣ ਇਨ੍ਹਾਂ ਨੂੰ ਦੌੜਾਉਣ ਦਾ ਸਮਾਂ ਵੀ ਆ ਗਿਆ ਹੈ।
ਇਹ ਵੀ ਪੜ੍ਹੋ- ਪਹਿਲਵਾਨਾਂ ਦਾ ਧਰਨਾ ਪ੍ਰਦਰਸ਼ਨ; ਜੰਤਰ-ਮੰਤਰ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਕਰਮੀ ਤਾਇਨਾਤ, ਬੈਰੀਕੇਡਜ਼ ਲਾਏ
ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦੇ ਜੰਤਰ-ਮੰਤਰ 'ਤੇ ਬੁੱਧਵਾਰ ਦੇਰ ਰਾਤ ਪ੍ਰਦਰਸ਼ਨਕਾਰੀ ਪਹਿਲਵਾਨਾਂ ਅਤੇ ਕੁਝ ਪੁਲਸ ਕਾਮਿਆਂ ਵਿਚਕਾਰ ਝੜਪ ਹੋ ਗਈ, ਜਿਸ ਦੇ ਨਤੀਜੇ ਵਜੋਂ ਕੁਝ ਪ੍ਰਦਰਸ਼ਨਕਾਰੀਆਂ ਦੇ ਸਿਰ 'ਤੇ ਸੱਟਾਂ ਲੱਗੀਆਂ। ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹਿਰਾਸਤ 'ਚ ਲਏ ਗਏ ਲੋਕਾਂ ਵਿਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੋਮਨਾਥ ਭਾਰਤੀ ਅਤੇ ਕਾਂਗਰਸ ਨੇਤਾ ਦੀਪੇਂਦਰ ਹੁੱਡਾ ਵੀ ਸ਼ਾਮਲ ਸਨ। ਸੋਸ਼ਲ ਮੀਡੀਆ 'ਤੇ ਵਾਇਰਲ ਕੁਝ ਵੀਡੀਓਜ਼ 'ਚ ਪ੍ਰਦਰਸ਼ਨਕਾਰੀ ਪਹਿਲਵਾਨਾਂ 'ਤੇ ਦੋਸ਼ ਲਗਾਉਂਦੇ ਸੁਣੇ ਜਾ ਸਕਦੇ ਹਨ ਕਿ ਪੁਲਸ ਵਾਲਿਆਂ ਨੇ ਸ਼ਰਾਬ ਦੇ ਨਸ਼ੇ 'ਚ ਦੋ ਪਹਿਲਵਾਨਾਂ ਨਾਲ ਕੁੱਟਮਾਰ ਕੀਤੀ। ਪੁਲਸ ਅਨੁਸਾਰ ਪ੍ਰਦਰਸ਼ਨਕਾਰੀ ਉਸ ਸਮੇਂ ਹਮਲਾਵਰ ਹੋ ਗਏ, ਜਦੋਂ ਉੱਥੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਕੁਝ ਲੋਕਾਂ ਨੂੰ ਭਾਰਤੀ ਵੱਲੋਂ ਲਿਆਂਦੇ ਗਏ ਫੋਲਡਿੰਗ ਬੈੱਡ ਬਾਰੇ ਪੁੱਛਿਆ।
ਇਹ ਵੀ ਪੜ੍ਹੋ- ਬੇਅੰਤ ਸਿੰਘ ਕਤਲ ਮਾਮਲਾ: ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਲੈ ਕੇ SC ਦਾ ਵੱਡਾ ਫ਼ੈਸਲਾ
ਦੱਸਣਯੋਗ ਹੈ ਕਿ ਪਹਿਲਵਾਨ 23 ਅਪ੍ਰੈਲ ਤੋਂ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ। ਉਨ੍ਹਾਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਬ੍ਰਜ ਭੂਸ਼ਣ ਸ਼ਰਨ ਸਿੰਘ, ਜੋ ਕਿ ਉੱਤਰ ਪ੍ਰਦੇਸ਼ ਤੋਂ ਭਾਜਪਾ ਦੇ ਸੰਸਦ ਮੈਂਬਰ ਵੀ ਹਨ, ਦੇ ਖਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਦਿੱਲੀ ਪੁਲਸ ਨੇ 28 ਫਰਵਰੀ ਨੂੰ ਇਸ ਮਾਮਲੇ ਵਿਚ ਬ੍ਰਜਭੂਸ਼ਣ ਦੇ ਪ੍ਰਧਾਨ ਵਿਰੁੱਧ ਦੋ FIR ਦਰਜ ਕੀਤੀਆਂ ਸਨ ਅਤੇ ਬਾਅਦ ਵਿਚ ਉਨ੍ਹਾਂ ਮਹਿਲਾ ਪਹਿਲਵਾਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਨ੍ਹਾਂ ਨੇ ਪ੍ਰਧਾਨ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਸਨ।