ਜੰਮੂ ''ਚ ਅੱਤਵਾਦੀ ਹਮਲੇ ਵਧਣ ਲਈ ਭਾਜਪਾ ਜ਼ਿੰਮੇਵਾਰ : ਉਮਰ ਅਬਦੁੱਲਾ
Tuesday, Sep 17, 2024 - 05:35 PM (IST)
ਸ਼੍ਰੀਨਗਰ (ਵਾਰਤਾ)- ਨੈਸ਼ਨਲ ਕਾਨਫਰੰਸ (ਨੈਕਾਂ) ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਜੰਮੂ 'ਚ ਵਧਦੇ ਅੱਤਵਾਦੀ ਹਮਲਿਆਂ ਲਈ ਭਾਜਪਾ ਜ਼ਿੰਮੇਵਾਰ ਹੈ। ਸ਼੍ਰੀ ਅਬਦੁੱਲਾ ਨੇ ਇਹ ਟਿੱਪਣੀ ਉਸ ਸਵਾਲ ਦੇ ਜਵਾਬ 'ਚ ਕੀਤੀ, ਜਿਸ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਦੇ ਗੁਲਾਬਗੜ੍ਹ 'ਚ ਕਿਹਾ ਸੀ ਕਿ ਜੰਮੂ ਡਿਵੀਜ਼ਨ 'ਚ ਵਧਦੇ ਅੱਤਵਾਦੀ ਹਮਲਿਆਂ ਲਈ ਨੈਕਾਂ ਅਤੇ ਕਾਂਗਰਸ ਜ਼ਿੰਮੇਵਾਰ ਹੈ। ਨੈਕਾਂ ਦੇ ਉੱਪ ਪ੍ਰਧਾਨ ਨੇ ਕਿਹਾ,''ਗ੍ਰਹਿ ਮੰਤਰੀ ਅਮਿਤ ਸ਼ਾਹ ਦੱਸਣ ਕਿ ਜੰਮੂ 'ਚ ਵਧਦੇ ਅੱਤਵਾਦੀ ਹਮਲਿਆਂ ਲਈ ਕੌਣ ਜ਼ਿੰਮੇਵਾਰ ਹੈ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੀ ਸਰਕਾਰ ਉੱਥੇ ਪਿਛਲੇ 10 ਸਾਲਾਂ ਤੋਂ ਨਹੀਂ ਹੈ।'' ਸ਼੍ਰੀ ਅਬਦੁੱਲਾ ਨੇ ਕਿਹਾ ਕਿ ਪਿਛਲੇ 6 ਸਾਲਾਂ 'ਚ ਜੰਮੂ ਕਸ਼ਮੀਰ 'ਚ ਕੇਂਦਰ ਸਰਕਾਰ ਦਾ ਸਿੱਧਾ ਸ਼ਾਸਨ ਹੈ। ਉਨ੍ਹਾਂ ਨੇ ਬਡਗਾਮ 'ਚ ਪੱਤਰਕਾਰਾਂ ਨੂੰ ਕਿਹਾ,''ਜੰਮੂ 'ਚ ਤੁਸੀਂ ਅੱਜ ਅੱਤਵਾਦੀ ਹਮਲਿਆਂ 'ਚ ਵਾਧਾ ਦੇਖ ਰਹੇ ਹੋ, ਰਿਆਸੀ 'ਚ ਯਾਤਰੀਆਂ 'ਤੇ ਹਮਲੇ ਹੋ ਰਹੇ ਹਨ ਅਤੇ ਫ਼ੌਜੀ, ਅਧਿਕਾਰੀ ਅਤੇ ਬਹਾਦਰ ਫ਼ੌਜੀ ਮੁਕਾਬਲਿਆਂ 'ਚ ਮਾਰੇ ਜਾ ਰਹੇ ਹਨ ਤਾਂ ਇਹ ਸਭ ਭਾਜਪਾ ਦੇ ਸ਼ਾਸਨ ਕਾਰਨ ਹੈ। ਜਦੋਂ ਸਾਡਾ ਸ਼ਾਸਨ ਸੀ, ਉਦੋਂ ਭਾਜਪਾ ਸਾਨੂੰ ਜ਼ਿੰਮੇਵਾਰ ਠਹਿਰਾ ਸਕਦੀ ਸੀ ਪਰ ਜੇਕਰ ਅੱਜ ਜੰਮੂ 'ਚ ਅੱਤਵਾਦ ਵਧ ਰਿਹਾ ਹੈ ਤਾਂ ਇਸ ਲਈ ਭਾਜਪਾ ਜ਼ਿੰਮੇਵਾਰ ਹੈ।''
ਇਹ ਪੁੱਛੇ ਜਾਣ 'ਤੇ ਸ਼੍ਰੀ ਸ਼ਾਹ ਨੇ ਕਿਹਾ ਹੈ ਕਿ ਧਾਰਾ 370 ਵਾਪਸ ਲਿਆਉਣਾ ਅਸੰਭਵ ਹੈ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ,''ਕੁਝ ਵੀ ਅਸੰਭਵ ਨਹੀਂ ਹੈ। ਜੇਕਰ ਇਹ ਅਸੰਭਵ ਹੁੰਦਾ ਤਾਂ ਸਰਵਉੱਚ ਅਦਾਲਤ ਤਿੰਨ ਵਾਰ ਧਾਰਾ 370 ਦੇ ਪੱਖ 'ਚ ਆਪਣਾ ਫ਼ੈਸਲਾ ਨਹੀਂ ਦਿੰਦਾ। ਉਸ ਸਮੇਂ ਇਹ ਅਸੰਭਵ ਕਿਉਂ ਨਹੀਂ ਸੀ? ਉਨ੍ਹਾਂ ਨੇ ਪ੍ਰਸ਼ਨ ਕੀਤਾ,''ਜਦੋਂ ਮਰਹੂਮ ਕਾਂਗਰਸ ਨੇਤਾ ਰਾਜੀਵ ਗਾਂਧੀ ਦੀ ਜਿੱਤ ਦੌਰਾਨ ਭਾਜਪਾ ਦੇ ਲੋਕ ਸਭਾ 'ਚ ਸਿਰਫ਼ 2 ਸੰਸਦ ਮੈਂਬਰ ਸਨ ਤਾਂ ਉਸ ਸਮੇਂ ਧਾਰਾ 370 ਅਸੰਭਵ ਕਿਉਂ ਨਹੀਂ ਸੀ? ਉਨ੍ਹਾਂ ਕਿਹਾ ਕਿ ਧਾਰਾ 370 ਖ਼ਿਲਾਫ਼ ਜੋ ਫ਼ੈਸਲਾ ਆਇਆ ਹੈ, ਉਹ ਸਰਬਸ਼ਕਤੀਮਾਨ ਨੇ ਨਹੀਂ ਦਿੱਤਾ ਸੀ। ਇਹ ਸੰਸਦ ਦੇ ਮਾਧਿਅਮ ਨਾਲ ਲਿਆ ਗਿਆ ਹੈ ਅਤੇ ਸੰਸਦ ਦਾ ਕੋਈ ਵੀ ਫ਼ੈਸਲਾ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ। ਅਬਦੁੱਲਾ ਨੇ ਕਿਹਾ ਕਿ ਜੇਕਰ ਸਰਵਉੱਚ ਅਦਾਲਤ ਦੇ ਜੱਜਾਂ ਦੀ 5 ਮੈਂਬਰੀ ਬੈਂਚ ਨੇ ਧਾਰਾ 370 ਰੱਦ ਕਰਨ ਦਾ ਫ਼ੈਸਲਾ ਕੀਤਾ ਸੀ। ਕੀ ਇਹ ਸੰਭਵ ਨਹੀਂ ਹੈ ਕਿ ਕੱਲ੍ਹ 7 ਮੈਂਬਰੀ ਜੱਜਾਂ ਦੀ ਬੈਂਚ ਧਾਰਾ 370 ਨੂੰ ਬਹਾਲ ਕਰਨ ਦਾ ਫ਼ੈਸਲਾ ਕਰੇਗੀ, ਇਹ ਅਸੰਭਵ ਨਹੀਂ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਪਾਰਟੀ ਨੂੰ ਚੋਣਾਂ 'ਚ ਸਪੱਸ਼ਟ ਜਨਾਦੇਸ਼ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8