ਮਾਕਪਾ ਦੇ ਗੁੰਡੇ ਬਣ ਗਏ ਹਨ ਭਾਜਪਾ ਦੇ ਜੱਲਾਦ : ਮਮਤਾ
Wednesday, Aug 29, 2018 - 04:06 AM (IST)
ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ 'ਤੇ ਸੂਬੇ 'ਚ ਹਿੰਸਾ ਦੀ ਸਿਆਸਤ ਦਾ ਸਹਾਰਾ ਲੈਣ ਅਤੇ ਵਿਰੋਧੀ ਪਾਰਟੀਆਂ ਵਿਰੁੱਧ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਨ ਦਾ ਮੰਗਲਵਾਰ ਦੋਸ਼ ਲਾਇਆ।
ਤ੍ਰਿਣਮੂਲ ਵਿਦਿਆਰਥੀ ਕੌਂਸਲ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਇਥੇ ਆਯੋਜਿਤ ਇਕ ਰੈਲੀ 'ਚ ਬੋਲਦਿਆਂ ਮਮਤਾ ਨੇ ਪਿੱਛੇ ਜਿਹੇ ਹੋਈਆਂ ਪੰਚਾਇਤੀ ਚੋਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਜਪਾ ਦੇ ਮੈਂਬਰ ਉਨ੍ਹਾਂ ਗੁੰਡਿਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ, ਜੋ ਪਹਿਲਾਂ ਮਾਕਪਾ ਲਈ ਕੰਮ ਕਰਦੇ ਸਨ। ਹੱਤਿਆ ਦੀ ਸਿਆਸਤ ਦਾ ਸਹਾਰਾ ਲੈਣ ਦੇ ਬਾਵਜੂਦ ਭਾਜਪਾ ਸਿਰਫ ਕੁਝ ਸੀਟਾਂ ਹੀ ਜਿੱਤੀ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਭਾਜਪਾ ਦੇ ਜੱਲਾਦ ਹੁਣ ਮਾਕਪਾ ਦੇ ਗੁੰਡੇ ਬਣ ਗਏ ਹਨ। ਇਸ ਦੌਰਾਨ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੱਛਮੀ ਬੰਗਾਲ ਵਿਚ 22 ਸੀਟਾਂ ਜਿੱਤਣ ਦਾ ਦਾਅਵਾ ਕਰਦੇ ਹਨ ਪਰ ਉਹ 22 ਬੂਥਾਂ 'ਤੇ ਵੀ ਜਿੱਤ ਹਾਸਲ ਨਹੀਂ ਕਰ ਸਕਣਗੇ।
