PM ਮੋਦੀ ਨੂੰ ਲਿਖੇ ਖੜਗੇ ਦੇ ਪੱਤਰ ''ਤੇ ਭਾਜਪਾ ਦਾ ਜਵਾਬ ਅਸਹਿਣਸ਼ੀਲਤਾ ਦੀ ਉਦਾਹਰਣ : ਚਿਦਾਂਬਰਮ
Saturday, Jun 10, 2023 - 12:28 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਸ਼ਨੀਵਾਰ ਨੂੰ ਕਿਹਾ ਕਿ ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਪਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੁਝ ਸੰਸਦ ਮੈਂਬਰਾਂ ਦਾ ਜਵਾਬੀ ਪੱਤਰ ਲਿਖਣਾ ਅਸਹਿਣਸ਼ੀਲਤਾ ਦਾ ਇਕ ਹੋਰ ਉਦਾਹਰਣ ਹੈ। ਬਾਲਾਸੋਰ ਰੇਲ ਹਾਦਸ ਤੋਂ ਬਾਅਦ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਇਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਜਾਂਚ ਨਾਲ ਤਕਨੀਕੀ, ਸੰਸਥਾਗਤ ਅਤੇ ਰਾਜਨੀਤਕ ਅਸਫ਼ਲਤਾਵਾਂ ਦੀ ਜਵਾਬਦੇਹੀ ਸਾਬਿਤ ਨਹੀਂ ਹੋ ਸਕਦੀ। ਇਸ ਤੋਂ ਬਾਅਦ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਦਾਨੰਦ ਗੌੜਾ ਸਮੇਤ ਭਾਜਪਾ ਦੇ 4 ਸੰਸਦ ਮੈਂਬਰਾਂ ਨੇ ਖੜਗੇ ਨੂੰ ਲਿਖੇ ਜਵਾਬੀ ਪੱਤਰ 'ਚ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਦੇ ਪੱਤਰ 'ਚ ਬਿਆਨਬਾਜ਼ੀ ਜ਼ਿਆਦਾ ਸੀ ਅਤੇ ਤੱਥ ਬਹੁਤ ਘੱਟ ਸਨ।
ਚਿਦਾਂਬਰਮ ਨੇ ਇਸੇ ਨੂੰ ਲੈ ਕੇ ਸ਼ਨੀਵਾਰ ਟਵੀਟ ਕੀਤਾ,''ਮਾਨਯੋਗ ਪ੍ਰਧਾਨ ਮੰਤਰੀ ਨੂੰ ਕਾਂਗਰਸ ਪ੍ਰਧਾਨ ਖੜਗੇ ਜੀ ਦੇ ਪੱਤਰ 'ਤੇ ਭਾਜਪਾ ਦੇ ਚਾਰ ਸੰਸਦ ਮੈਂਬਰਾਂ ਦੀ ਪ੍ਰਤੀਕਿਰਿਆ ਕਿਸੇ ਵੀ ਆਲੋਚਨਾ ਦੇ ਪ੍ਰਤੀ ਭਾਜਪਾਈ ਅਸਹਿਣਸ਼ੀਲਤਾ ਦਾ ਇਕ ਹੋਰ ਉਦਾਹਰਣ ਹੈ। ਖੜਗੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵੀ ਹਨ, ਉਨ੍ਹਾਂ ਨੂੰ ਮਾਨਯੋਗ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਦਾ ਅਧਿਕਾਰ ਹੈ। ਇਕ ਲੋਕਤੰਤਰ 'ਚ ਲੋਕ ਮਾਨਯੋਗ ਪ੍ਰਧਾਨ ਮੰਤਰੀ ਦੇ ਉੱਤਰ ਦੀ ਆਸ ਕਰਦੇ ਹਨ।'' ਉਨ੍ਹਾਂ ਕਿਹਾ,''ਸਾਡਾ ਲੋਕਤੰਤਰ ਅਜਿਹਾ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਜਵਾਬ ਦੇਣ ਦੇ ਲਾਇਕ ਨਹੀਂ ਸਮਝਣਗੇ। ਇਸ ਦੇ ਬਜਾਏ ਭਾਜਪਾ ਦੇ ਚਾਰ ਸੰਸਦ ਮੈਂਬਰ ਖੁਦ ਅਜਿਹਾ ਜਵਾਬ ਭੇਜਣ ਦੀ ਜ਼ਿੰਮੇਵਾਰੀ ਲੈਂਦੇ ਹਨ, ਜੋ ਤਰਕਾਂ ਦੇ ਆਧਾਰ 'ਤੇ ਖੋਖਲ੍ਹਾ ਹੈ।''