ਰਾਜ ਸਭਾ ਚੋਣਾਂ: ਭਾਜਪਾ ਨੇ ਦੂਜੀ ਲਿਸਟ ਕੀਤੀ ਜਾਰੀ, ਐਲਾਨੇ ਇਹ ਉਮੀਦਵਾਰ

03/12/2020 1:34:17 PM

ਨਵੀਂ ਦਿੱਲੀ—ਰਾਜ ਸਭਾ ਦੇ ਲਈ ਹੋਣ ਜਾ ਰਹੀਆਂ ਚੋਣਾਂ 'ਚ ਭਾਜਪਾ ਨੇ ਅੱਜ ਭਾਵ ਵੀਰਵਾਰ ਨੂੰ ਆਪਣੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ 'ਚ ਪਾਰਟੀ ਵੱਲੋਂ ਹਰਿਆਣਾ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕੇਂਦਰੀ ਚੋਣ ਕਮੇਟੀ ਵੱਲੋਂ ਰਾਜ ਸਭਾ ਲਈ ਉਮੀਦਵਾਰਾਂ ਦੇ ਨਾਂ 'ਤੇ ਸਹਿਮਤੀ ਜਤਾਉਣ ਤੋਂ ਬਾਅਦ ਇਸ ਨੂੰ ਜਾਰੀ ਕੀਤਾ ਗਿਆ ਹੈ। ਪਾਰਟੀ ਨੇ ਹਰਿਆਣਾ ਤੋਂ 2 ਉਮੀਦਵਾਰਾਂ ਦੇ ਨਾਂ ਬਾਰੇ ਐਲਾਨ ਕੀਤਾ ਹੈ। ਉੱਥੇ ਹੀ ਹਿਮਾਚਲ ਪ੍ਰਦੇਸ਼ , ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਇਕ-ਇਕ ਉਮੀਦਵਾਰ ਦਾ ਨਾਂ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਮਹਾਰਾਸ਼ਟਰ ਦੀ ਇਕ ਵਿਧਾਨ ਪਰਿਸ਼ਦ ਸੀਟ ਲਈ ਉੁਪ ਚੋਣ ਲਈ ਅਮਰੀਸ਼ ਭਾਈ ਰਸਿਕਾਲ ਪਟੇਲ ਨੂੰ ਉਮੀਦਵਾਰ ਬਣਾਇਆ ਹੈ।

PunjabKesari

ਦੂਜੀ ਲਿਸਟ 'ਚ ਸ਼ਾਮਲ ਹਨ ਇਹ ਨਾਂ-
ਭਾਜਪਾ ਨੇ ਰਾਜ ਸਭਾ ਚੋਣਾਂ ਲਈ ਹਰਿਆਣਾ ਤੋਂ ਪਾਰਟੀ ਨੇ ਰਾਮਚੰਦਰ ਝਾਂਗੜਾ ਅਤੇ ਦੁਸ਼ਯੰਤ ਕੁਮਾਰ ਗੌਤਮ ਨੂੰ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਹੈ। ਉੱਥੇ ਹੀ ਹਿਮਾਚਲ ਪ੍ਰਦੇਸ਼ ਤੋਂ ਇੰਦੂ ਗੋਸਵਾਮੀ  ਨੂੰ ਉਮੀਦਵਾਰ ਬਣਾਇਆ ਗਿਆ ਹੈ। ਮੱਧ ਪ੍ਰਦੇਸ਼ ਤੋਂ ਡਾ. ਸੁਮੇਰ ਸਿੰਘ ਸੋਲੰਕੀ ਅਤੇ ਮਹਾਰਾਸ਼ਟਰ ਤੋਂ ਭਗਵਤ ਕਰਾੜ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਭਾਜਪਾ ਨੇ ਰਾਜ ਸਭਾ ਦੀਆਂ 2 ਸਾਲ ਬਾਅਦ ਹੋਣ ਵਾਲੀਆਂ ਚੋਣਾਂ ਲਈ 8 ਸੂਬਿਆਂ ਤੋਂ 11 ਉਮੀਦਵਾਰਾਂ ਦੇ ਨਾਵਾਂ ਦਾ ਬੁੱਧਵਾਰ (11 ਮਾਰਚ) ਐਲਾਨ ਕਰਦੇ ਹੋਏ ਪਹਿਲੀ ਲਿਸਟ ਜਾਰੀ ਕੀਤੀ ਹੈ। ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਜਿਓਤਿਰਦਿਤਿਆ ਸਿੰਧੀਆ ਨੂੰ ਇਨਾਮ ਵਜੋਂ ਮੱਧ ਪ੍ਰਦੇਸ਼ ਤੋਂ ਟਿਕਟ ਦਿੱਤੀ ਗਈ ਹੈ। ਛਤਰਪਤੀ ਸ਼ਿਵਾਜੀ ਦੇ ਖਾਨਦਾਨ ਦੇ ਇਕ ਮੈਂਬਰ ਉਦਯਨ ਰਾਜੇ ਭੋਂਸਲੇ ਨੂੰ ਮਹਾਰਾਸ਼ਟਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਆਸਾਮ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਭੁਵਨੇਸ਼ਵਰ ਕਲੀਤਾ ਅਤੇ ਬੋਡੋ ਪੀਪਲਜ਼ ਪਾਰਟੀ ਦੇ ਬੁਸਵਜੀਤ ਡਾਇਮਰੀ ਨੂੰ ਟਿਕਟ ਦਿੱਤੀ ਹੈ। ਹੋਰਨਾਂ ਉਮੀਦਵਾਰਾਂ 'ਚ ਬਿਹਾਰ ਤੋਂ ਵਿਵੇਕ ਠਾਕੁਰ, ਗੁਜਰਾਤ ਤੋਂ ਅਭੇ ਭਾਰਦਵਾਜ ਅਤੇ ਸ਼੍ਰੀਮਤੀ ਰਮੀਲਾ ਬੇਨ ਬਾਰਾ ਸ਼ਾਮਲ ਹਨ। ਝਾਰਖੰਡ ਤੋਂ ਸੂਬਾਈ ਭਾਜਪਾ ਪ੍ਰਧਾਨ ਦੀਪਕ ਪ੍ਰਕਾਸ਼, ਮਣੀਪੁਰ ਤੋਂ ਸੰਬਾ ਮਹਾਰਾਜ, ਰਾਜਸਥਾਨ ਤੋਂ ਰਾਜਿੰਦਰ ਗਹਿਲੋਤ ਅਤੇ ਮਹਾਰਾਸ਼ਟਰ ਤੋਂ ਆਰ.ਬੀ.ਆਈ. (ਅਠਾਵਲੇ) ਦੇ ਆਗੂ ਅਤੇ ਕੇਂਦਰੀ ਮੰਤਰੀ ਰਾਮਦਾਸ ਟਿਕਟ ਹਾਸਲ ਕਰਨ ਵਾਲਿਆਂ 'ਚ ਸ਼ਾਮਲ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ 26 ਮਾਰਚ ਨੂੰ ਚੋਣਾਂ ਹੋਣੀਆਂ ਹਨ।


Iqbalkaur

Content Editor

Related News