ਕੌਣ ਹੋਵੇਗਾ ਭਾਜਪਾ ਦਾ ਅਗਲਾ ਪ੍ਰਧਾਨ? ਭੁਪਿੰਦਰ ਯਾਦਵ ਨੇ ਦਿੱਤੀ ਜਾਣਕਾਰੀ
Thursday, Jun 13, 2019 - 07:28 PM (IST)

ਨਵੀਂ ਦਿੱਲੀ: ਭਾਜਪਾ ਦੇ ਅਗਲੇ ਰਾਸ਼ਟਰੀ ਪ੍ਰਧਾਨ ਦੇ ਨਾਮ ਨੂੰ ਲੈ ਕੇ ਚੱਲ ਰਹੇ ਸ਼ੱਕ ਵਿਚਾਲੇ ਪਾਰਟੀ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਯਾਦਵ ਨੇ ਜਾਣਕਾਰੀ ਦਿੱਤੀ। ਯਾਦਵ ਨੇ ਦੱਸਿਆ ਕਿ ਮੈਂਬਰਸ਼ਿਪ ਮੁਹਿੰਮ ਖਤਮ ਹੋਣ ਤੋਂ ਬਾਅਦ ਸੰਗਠਨਾਤਮਕ ਚੋਣਾਂ ਆਯੋਜਿਤ ਕੀਤੀਆਂ ਜਾਣਗੀਆਂ। ਜਿਸ ਤੋਂ ਬਾਅਦ ਹੀ ਨਵੇਂ ਭਾਜਪਾ ਪ੍ਰਧਾਨ ਬਾਰੇ ਪਤਾ ਲੱਗ ਸਕਦਾ ਹੈ। ਭੁਪਿੰਦਰ ਯਾਦਵ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ 'ਚ ਜੋ ਜਿੱਤ ਤੇ ਬਹੁਮਤ ਪਾਰਟੀ ਨੂੰ ਮਿਲਿਆ ਹੈ ਉਹ ਹਰ ਬੂਥ ਕਾਰਜਕਰਤਾ ਦੀ ਮਿਹਨਤ ਦਾ ਨਤੀਜਾ ਹੈ। ਜਿਥੇ ਵੀ ਪਾਰਟੀ ਦਾ ਆਧਾਰ ਨਹੀਂ ਸੀ, ਉਥੇ ਵੀ ਪਾਰਟੀ ਦੇ ਕਾਰਜਕਰਤਾਵਾਂ ਨੇ ਮਿਹਨਤ ਕਰਕੇ ਪਾਰਟੀ ਦੇ ਵਿਸਥਾਰ ਲਈ ਕੰਮ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਿਵਰਾਜ ਸਿੰਘ ਚੌਹਾਨ ਭਾਜਪਾ ਦੀ ਮੈਬਰਸ਼ਿਪ ਪ੍ਰੋਗਰਾਮ ਦੇ ਸੰਯੋਜਕ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਨਵੇਂ ਮੈਂਬਰ ਬਣਾਉਣ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਇਸ ਦੇ ਲਈ ਪਾਰਟੀ ਨੇ ਸ਼ਿਵਰਾਜ ਚੌਹਾਨ ਨੂੰ ਮੈਂਬਰਸ਼ਿਪ ਮੁਹਿੰਮ ਦਾ ਸੰਯੋਜਕ ਨਿਯੁਕਤ ਕੀਤਾ ਹੈ। ਉਨ੍ਹਾਂ ਦੇ ਨਾਲ ਦੁਸ਼ਿਅੰਤ ਗੌਤਮ, ਸੁਰੇਸ਼ ਪੁਜਾਰੀ, ਅਰੁਣ ਚਤੁਰਵੇਦੀ ਤੇ ਸ਼ੋਭਾ ਸੁਰੇਂਦ੍ਰਨ ਸਹਿਸੰਯੋਜਕ ਦੀ ਭੂਮਿਕਾ 'ਚ ਹੋਣਗੇ। ਉਨ੍ਹਾਂ ਦੱਸਿਆ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 2014 'ਚ ਜੋ ਕਿਹਾ ਸੀ, ਉਨ੍ਹਾਂ ਨੇ ਫਿਰ ਉਸ ਗੱਲ ਨੂੰ ਦੁਹਰਾਇਆ ਹੈ ਕਿ ਅਜੇ ਜਿਨ੍ਹਾਂ ਸੂਬਿਆਂ 'ਚ ਸਾਨੂੰ ਸਫਲਤਾ ਨਹੀਂ ਮਿਲੀ ਹੈ, ਉਥੇ ਪਾਰਟੀ ਦੀ ਮੈਂਬਰਸ਼ਿਪ ਦਾ, ਪਾਰਟੀ ਦੀ ਵਿਚਾਰਧਾਰਾ ਦਾ ਵਿਸਥਾਰ ਕਰਨਾ ਹੈ।