ਯੂ. ਪੀ. ’ਚ 80 ਲੋਕ ਸਭਾ ਸੀਟਾਂ ਚਾਹੁੰਦੇ ਹਨ ਮੋਦੀ
Thursday, Jun 01, 2023 - 11:09 AM (IST)
ਨਵੀਂ ਦਿੱਲੀ- ਬਹੁਜਨ ਸਮਾਜ ਪਾਰਟੀ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜਣ ਦੇ ਐਲਾਨ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਯੂ. ਪੀ. ਭਾਜਪਾ ਲੀਡਰਸ਼ਿਪ ਨੂੰ ਸਾਰੀਆਂ 80 ਸੀਟਾਂ ਜਿੱਤਣ ਲਈ ਮਿਲ ਕੇ ਕੰਮ ਕਰਨ ਲਈ ਕਿਹਾ ਹੈ। ਉਹ ਚਾਹੁੰਦੇ ਹਨ ਕਿ ਯੋਗੀ ਆਦਿੱਤਿਆਨਾਥ ਇਸ ਨੂੰ ਸੰਭਵ ਬਣਾਉਣ। ਜੇ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ’ਚ ਗੁਜਰਾਤ, ਰਾਜਸਥਾਨ, ਉੱਤਰਾਖੰਡ, ਦਿੱਲੀ, ਬਿਹਾਰ (40 ’ਚੋਂ 39) ਅਤੇ ਹੋਰ ਸੂਬਿਆਂ ’ਚ ਸਾਰੀਆਂ ਲੋਕ ਸਭਾ ਸੀਟਾਂ ਜਿੱਤ ਸਕਦੀ ਹੈ ਤਾਂ ਯੂ. ਪੀ. ’ਚ 80 ਕਿਉਂ ਨਹੀਂ।
ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ਨੇ ਯੂ. ਪੀ. ’ਚ 64 ਲੋਕ ਸਭਾ ਸੀਟਾਂ ਜਿੱਤੀਆਂ ਸਨ ਜਦਕਿ ਬਸਪਾ-ਸਪਾ ਅਤੇ ਕਾਂਗਰਸ ਨੇ ਗਠਜੋੜ ਕਰ ਕੇ ਚੋਣ ਲੜੀ ਸੀ ਅਤੇ 16 ਸੀਟਾਂ ਜਿੱਤੀਆਂ ਸਨ ਪਰ ਮਾਇਆਵਤੀ ਨੇ ਅਚਾਨਕ 2024 ’ਚ ਇਕੱਲੇ ਰਹਿਣ ਦਾ ਐਲਾਨ ਕੀਤਾ ਹੈ, ਇਸ ਨਾਲ ਭਾਜਪਾ ਨੂੰ 2024 ਦੀਆਂ ਸੰਸਦੀ ਚੋਣਾਂ ’ਚ ਸਾਰੀਆਂ 80 ਲੋਕ ਸਭਾ ਸੀਟਾਂ ’ਤੇ ਕਬਜ਼ਾ ਕਰਨ ’ਚ ਮਦਦ ਮਿਲੇਗੀ। ਸੁਨੀਲ ਬੰਸਲ ਨੂੰ ਹਟਾਉਣ ਅਤੇ ਧਰਮਪਾਲ ਸੈਣੀ ਨੂੰ ਭਾਜਪਾ ਦਾ ਇੰਚਾਰਜ ਜਨਰਲ ਸਕੱਤਰ ਬਣਾਏ ਜਾਣ ਨਾਲ ਯੋਗੀ ਨੂੰ ਖੁਸ਼ ਹੋਣਾ ਚਾਹੀਦਾ। ਬੰਸਲ ਅਤੇ ਯੋਗੀ ਦੇ ਵਿਚਾਲੇ ਸਬੰਧ ਤਣਾਅ ਭਰਪੂਰ ਸਨ ਅਤੇ ਅਸਲ ’ਚ ਇਨ੍ਹਾਂ ’ਚ ਬੋਲਚਾਲ ਵੀ ਬੰਦ ਸੀ।
ਯੂ. ਪੀ. ’ਚ 80 ਲੋਕ ਸਭਾ ਸੀਟਾਂ ਜਿੱਤਣ ਦੇ ਔਖੇ ਕੰਮ ਨੂੰ ਪੂਰਾ ਕਰਨ ਲਈ ਭਾਜਪਾ ਦੇ ਰਣਨੀਤੀਕਾਰ ਆਉਣ ਵਾਲੇ ਮਹੀਨਿਆਂ ’ਚ ਬਸਪਾ, ਸਪਾ ਅਤੇ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਨੂੰ ਆਪਣੇ ਪਾਸੇ ਲਿਆਉਣ ’ਤੇ ਵਿਚਾਰ ਕਰ ਰਹੇ ਹਨ। ਮੋਦੀ ਜਾਣਦੇ ਹਨ ਕਿ ਭਾਜਪਾ ਨੂੰ ਬਿਹਾਰ, ਮਹਾਰਾਸ਼ਟਰ, ਪੱਛਮੀ ਬੰਗਾਲ, ਕਰਨਾਟਕ ਅਾਦਿ ਸੂਬਿਆਂ ’ਚ ਕੁਝ ਸੀਟਾਂ ਗੁਆਉਣੀਆਂ ਪੈ ਸਕਦੀਆਂ ਹਨ, ਇਸ ਲਈ ਉਹ ਚਾਹੁੰਦੇ ਹਨ ਇਸ ਨੁਕਸਾਨ ਦੀ ਭਰਪਾਈ ਯੂ. ਪੀ., ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਇਥੋਂ ਤੱਕ ਕਿ ਕੇਰਲ ਅਤੇ ਤਾਮਿਲਨਾਡੂ ’ਚ ਵੀ ਹੋਵੇ।
ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਅਨੁਸਾਰ ਬਸਪਾ ਦੇ 10 ਲੋਕ ਸਭਾ ਸੰਸਦ ਮੈਂਬਰਾਂ ’ਚੋਂ 5 ਭਾਜਪਾ ’ਚ ਜਾਣ ਦੀਆਂ ਸੰਭਾਵਨਾਵਾਂ ਲੱਭ ਰਹੇ ਹਨ। ਬਸਪਾ ਦੇ ਕੁਝ ਨੇਤਾ ਸਮਾਜਵਾਦੀ ਪਾਰਟੀ ਦੇ ਵੀ ਸੰਪਰਕ ’ਚ ਹਨ। ਜੋ ਵੀ ਹੋਵੇ ਯੂ. ਪੀ. ਹੌਲੀ-ਹੌਲੀ ‘ਟੂ ਪਾਰਟੀ ਸਿਸਟਮ’ ਵੱਲ ਵਧ ਰਿਹਾ ਹੈ, ਜਿਸ ’ਚ ਇਕ ਪਾਸੇ ਐੱਨ. ਡੀ. ਏ. ਅਤੇ ਦੂਜੇ ਪਾਸੇ ਸਮਾਜਵਾਦੀ ਹਨ। ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਚ ਬਸਪਾ ਆਪਣਾ ਵੋਟ ਬੈਂਕ ਗੁਆਉਂਦੀ ਜਾ ਰਹੀ ਹੈ। ਬਸਪਾ ਨੂੰ ਵੱਡੀ ਗਿਣਤੀ ’ਚ ਵੋਟ ਦੇਣ ਵਾਲੇ ਮੁਸਲਮਾਨ ਸਪਾ ਵੱਲ ਵੱਧ ਰਹੇ ਹਨ। ਕੁਝ ਭਾਜਪਾ ਨੂੰ ਬਦਲ ਦੇ ਤੌਰ ’ਤੇ ਦੇਖ ਰਹੇ ਹਨ।