ਵੱਡੀ ਜਿੱਤ ਦੀ ਰਾਹ ''ਤੇ ਭਾਜਪਾ, ਦੇਸ਼ ਭਰ ਨੇ ਸੁਣੀ ਮੋਦੀ ਦੇ ''ਮਨ ਕੀ ਬਾਤ''
Thursday, May 23, 2019 - 06:10 PM (IST)

ਨਵੀਂ ਦਿੱਲੀ— ਰਾਸ਼ਟਰਵਾਦ, ਸੁਰੱਖਿਆ ਅਤੇ ਨਵੇਂ ਭਾਰਤ ਦਾ ਤਾਨਾ-ਬਾਨਾ ਬੁਣਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਦੇਸ਼ ਭਰ ਦੇ ਵੋਟਰਾਂ ਨੂੰ ਇਸ ਕਦਰ ਰਾਸ ਆਈ ਕਿ ਭਾਜਪਾ ਪਾਰਟੀ ਨੇ ਮੋਦੀ ਦੀ ਅਗਵਾਈ ਵਿਚ ਲਗਾਤਾਰ ਦੂਜੀ ਵਾਰ ਕੇਂਦਰ 'ਚ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਵੱਲ ਕਦਮ ਵਧਾ ਦਿੱਤੇ। ਇਸ ਚੋਣਾਂ ਵਿਚ 68 ਸਾਲ ਦੇ ਨਰਿੰਦਰ ਦਾਮੋਦਰਦਾਸ ਮੋਦੀ ਨੂੰ ਪਿਛਲੇ ਕਈ ਦਹਾਕਿਆਂ ਵਿਚ ਸਭ ਤੋਂ ਲੋਕਪ੍ਰਿਅ ਨੇਤਾ ਬਣਾ ਦਿੱਤਾ। ਚੋਣ ਕਮਿਸ਼ਨ ਵਲੋਂ ਜਾਰੀ ਵੋਟਾਂ ਦੀ ਗਿਣਤੀ ਦੇ ਅੰਕੜਿਆਂ ਮੁਤਾਬਕ ਭਾਜਪਾ ਇਸ ਵਾਰ 2014 ਤੋਂ ਬਿਹਤਰ ਪ੍ਰਦਰਸ਼ਨ ਕਰਨ ਦੀ ਰਾਹ 'ਤੇ ਹੈ। 7 ਗੇੜ ਵਿਚ ਹੋਈਆਂ ਵੋਟਾਂ 'ਚ ਜਨਤਾ ਨੇ ਵਿਰੋਧੀ ਗਠਜੋੜ ਨੂੰ ਨਕਾਰ ਦਿੱਤਾ ਹੈ ਅਤੇ ਰੁਝਾਨਾਂ ਮੁਤਾਬਕ ਕਾਂਗਰਸ ਪਾਰਟੀ ਸਿਰਫ 50 ਸੀਟਾਂ 'ਤੇ ਅੱਗੇ ਹੈ। ਮੋਦੀ ਵਾਰਾਣਸੀ 'ਚ 4,05,992 ਨਾਲ ਜਿੱਤੇ ਹਨ। ਜਦਕਿ ਅਮਿਤ ਸ਼ਾਹ ਗੁਜਰਾਤ 'ਚ ਗਾਂਧੀਨਗਰ ਲੋਕ ਸਭਾ ਸੀਟ 'ਤੇ ਸਾਢੇ 5 ਲੱਖ ਵੋਟਾਂ ਨਾਲ ਜਿੱਤੇ ਹਨ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ 'ਚੌਕੀਦਾਰ ਚੋਰ ਹੈ' ਦੇ ਨਾਅਰੇ ਦਾ ਵੋਟਰਾਂ 'ਤੇ ਕੋਈ ਅਸਰ ਹੋਇਆ ਨਹੀਂ ਦਿੱਸਿਆ। ਇਨ੍ਹਾਂ ਰੁਝਾਨਾਂ ਨਾਲ ਹੀ ਬਾਜ਼ਾਰ ਵਿਚ ਵੀ ਉਛਾਲ ਦੇਖਿਆ ਗਿਆ ਅਤੇ ਬੀ. ਐਸ. ਈ. ਸੈਂਸੈਕਸ ਪਹਿਲੀ ਵਾਰ 40,000 ਪਹੁੰਚ ਗਿਆ, ਜਦਕਿ ਐੱਨ. ਐੱਸ. ਈ. ਨਿਫਟੀ 12,000 ਦੇ ਪਾਰ ਪਹੁੰਚ ਗਿਆ। ਰੁਪਇਆ ਅਮਰੀਕੀ ਡਾਲਰ ਦੇ ਤੁਲਨਾ ਵਿਚ 69.51 ਦੇ ਸਾਹਮਣੇ 14 ਪੈਸੇ ਮਜ਼ਬੂਤ ਹੋਇਆ। ਆਖਰੀ ਨਤੀਜਿਆਂ ਤਕ ਰੁਝਾਨ ਇਹ ਹਨ ਕਿ ਭਾਜਪਾ ਅਤੇ ਰਾਸ਼ਟਰੀ ਲੋਕਤੰਤਰੀ ਗਠਜੋੜ ਵਿਚ ਉਸ ਦੇ ਸਹਿਯੋਗੀ 344 ਸੀਟਾਂ ਜਿੱਤ ਜਾਣਗੇ, ਜਦਕਿ 2014 ਵਿਚ ਉਨ੍ਹਾਂ ਨੇ 336 ਸੀਟਾਂ ਜਿੱਤੀਆਂ ਸਨ। ਭਾਜਪਾ ਨੇ ਪਿਛਲੀ ਵਾਰ ਖੁਦ 282 ਸੀਟਾਂ ਜਿੱਤੀਆਂ ਸਨ। ਇਸ ਦੇ ਬਾਵਜੂਦ ਰੁਝਾਨਾਂ ਤੋਂ ਤੈਅ ਹੋ ਗਿਆ ਕਿ ਦੇਸ਼ ਭਰ ਵਿਚ ਮੋਦੀ ਦੀ ਲਹਿਰ ਸੀ ਅਤੇ ਪਾਰਟੀ ਦੇ ਸ਼ਾਨਦਾਰ ਚੋਣ ਪ੍ਰਬੰਧਨ ਨੇ ਜਾਤੀ, ਉਮਰ, ਆਰਥਿਕ ਸਥਿਤੀ ਦੇ ਤਮਾਮ ਬੰਧਨਾਂ ਨੂੰ ਤੋੜ ਦਿੱਤਾ।