ਮੱਠੀ ਪਈ ਭਾਜਪਾ ਦੀ ਮਾਈਕ੍ਰੋ ਡੋਨੇਸ਼ਨ ਮੁਹਿੰਮ, ਨੱਢਾ ਨੇ ਪ੍ਰਗਟਾਈ ਨਾਰਾਜ਼ਗੀ
Monday, Feb 07, 2022 - 12:49 PM (IST)
ਨਵੀਂ ਦਿੱਲੀ (ਨੈਸ਼ਨਲ ਡੈਸਕ)- ਭਾਜਪਾ ਵਲੋਂ ਸ਼ੁਰੂ ਕੀਤੀ ਗਈ ਮਾਈਕ੍ਰੋ ਡੋਨੇਸ਼ਨ ਮੁਹਿੰਮ ਨੂੰ ਲੈ ਕੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਇਕ ਬੈਠਕ ’ਚ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਨਾਰਾਜਗੀ ਜ਼ਾਹਰ ਕੀਤੀ ਹੈ। ਇਸ ਮੁਹਿੰਮ ਦਾ ਮਕਸਦ ਪਾਰਟੀ ਵਰਕਰਾਂ ਤੋਂ ਚੰਦਾ ਜੁਟਾਉਣਾ ਹੈ। ਸੂਖਮ ਦਾਨ (ਮਾਈਕ੍ਰ ਡੋਨੇਸ਼ਨ) ਮੁਹਿੰਮ ਪ੍ਰਤੀ ਦਾਨਕਰਤਾ 5 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 1,000 ਤੱਕ ਦਾਨ ਮੰਗਦਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਭਾਜਪਾ ਦੇ ਕੋਲ 180 ਮਿਲੀਅਨ ਵਰਕਰ ਹਨ ਅਤੇ ਇਸ ਮੁਹਿੰਮ ਦੇ ਤਹਿਤ ਹੁਣ ਤੱਕ ਇਕ ਕਰੋੜ ਰੁਪਏ ਵੀ ਇਕੱਠੇ ਨਹੀਂ ਹੋ ਸਕੇ ਹਨ। ਨੱਢਾ ਨੇ ਆਪਣੇ ਅਹੁਦੇਦਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੀਨੀਅਰ ਨੇਤਾ ਵਰਕਰਾਂ ਨੂੰ ਨਾ ਸਿਰਫ ਦਾਨ ਕਰਨ ਲਈ ਪ੍ਰੇਰਿਤ ਕਰਨਗੇ, ਸਗੋਂ ਇਸ ਮੁਹਿੰਮ ਨੂੰ ਨਵੇਂ ਮੈਂਬਰਾਂ ਦੀ ਭਰਤੀ ਦੇ ਮੌਕੇ ਦੇ ਤੌਰ ’ਤੇ ਵੀ ਵਰਤੋਂ ਕਰਨਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਪੈਰੋਲ
ਪੀ. ਐੱਮ. ਮੋਦੀ ਨੇ ਕੀਤੀ ਸੀ ਮਾਈਕ੍ਰੋ ਡੋਨੇਸ਼ਨ ਦੀ ਸ਼ੁਰੂਆਤ
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਇਕ ਪੁਰਾਣੀ ਰਵਾਇਤ ਹੈ, ਜੋ ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਵਲੋਂ ਹੋਈ ਹੈ, ਜਿੱਥੇ ਹਰ ਪ੍ਰਚਾਰਕ ਜਾਂ ਆਰ. ਐੱਸ. ਐੱਸ. ਵਰਕਰ ਆਪਣੇ ਸਾਧਨ ਅਨੁਸਾਰ ਸੰਘ ਨੂੰ ਸਾਲਾਨਾ ਦਾਨ ਦਿੰਦਾ ਹੈ। ਕ੍ਰਿਸਮਸ ਦੇ ਦਿਨ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਮੋਦੀ ਨੇ ਟਵੀਟ ਕੀਤਾ ਸੀ ਕਿ ਮੈਂ ਭਾਰਤੀ ਜਨਤਾ ਪਾਰਟੀ ਦੇ ਪਾਰਟੀ ਫੰਡ ’ਚ 1,000 ਦਾ ਦਾਨ ਦਿੱਤਾ ਹੈ ਅਤੇ ਭਾਜਪਾ ਨੂੰ ਮਜ਼ਬੂਤ ਬਣਾਉਣ ’ਚ ਮਦਦ ਕਰੋ।
ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਦੇਸ਼ 'ਚ ਘਟੀ ਕੋਰੋਨਾ ਦੀ ਰਫ਼ਤਾਰ, ਹੁਣ ਤੱਕ ਇੰਨੇ ਲੋਕਾਂ ਨੇ ਗੁਆਈ ਜਾਨ
ਪਾਰਟੀ ਨੇਤਾਵਾਂ ਨੇ ਕਿਹਾ-ਛੇਤੀ ਪੂਰਾ ਕਰਾਂਗੇ ਟੀਚਾ
ਪਾਰਟੀ ਦੇ ਕੌਮੀ ਸਕੱਤਰ ਅਨੁਪਮ ਹਾਜ਼ਰਾ ਨੇ ਬੈਠਕ ’ਚ ਕਿਹਾ ਕਿ ਨੱਢਾ ਜੀ ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ ਹੋਣ ਵਾਲੇ ਵਿਅਕਤੀ ਨਹੀਂ ਹਨ। ਸਾਨੂੰ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਜੋ ਵਰਕਰ ਜ਼ਮੀਨ ’ਤੇ ਸਰਗਰਮ ਨਹੀਂ ਹਨ, ਉਨ੍ਹਾਂ ਨੂੰ ਸਰਗਰਮ ਹੋਣਾ ਚਾਹੀਦਾ ਹੈ। ਬੈਠਕ ’ਚ ਸ਼ਾਮਲ ਪਾਰਟੀ ਦੇ ਤਰੁਣ ਚੁੱਘ ਨੇ ਕਿਹਾ ਕਿ ਪਾਰਟੀ ਅਗਲੇ ਹਫ਼ਤੇ ਤੱਕ ਸਾਰੇ ਟੀਚਿਆਂ ਨੂੰ ਯਕੀਨੀ ਤੌਰ ’ਤੇ ਪੂਰਾ ਕਰ ਲਵੇਗੀ। ਭਾਜਪਾ ਉਪ-ਪ੍ਰਧਾਨ ਜੈ ਪਾਂਡਾ ਨੇ ਕਿਹਾ ਕਿ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਗਈ ਹੈ ਕਿਉਂਕਿ ਸਾਡੇ ਵਰਕਰ ਵੱਖ-ਵੱਖ ਪਹਿਲਾਂ ’ਚ ਸਰਗਰਮ ਰੂਪ ’ਚ ਸ਼ਾਮਲ ਹਨ। ਇਹ ਰਾਸ਼ੀ ਨਹੀਂ ਹੈ, ਸਗੋਂ ਜਨਤਾ ਦੇ ਨਾਲ ਜੋੜਣਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ