ਭਾਜਪਾ ਨੇਤਰੀ ਸ਼ਵੇਤਾ ਸਿੰਘ ਨੇ ਆਪਣੇ ਕਮਰੇ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਕਤਲ ਦਾ ਖਦਸ਼ਾ

04/28/2022 10:38:22 AM

ਬਾਂਦਾ– ਉੱਤਰ ਪ੍ਰਦੇਸ਼ ਵਿਚ ਬਾਂਦਾ ਜ਼ਿਲੇ ਦੇ ਨਗਰ ਕੋਤਵਾਲੀ ਖੇਤਰ ਵਿਚ ਭਾਜਪਾ ਨੇਤਰੀ ਅਤੇ ਜ਼ਿਲਾ ਪੰਚਾਇਤ ਮੈਂਬਰ ਸ਼ਵੇਤਾ ਸਿੰਘ ਨੇ ਬੁੱਧਵਾਰ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਦੇ ਘਟਨਾ ਵਾਲੀ ਜਗ੍ਹਾ ’ਤੇ ਪੁੱਜਣ ਤੋਂ ਪਹਿਲਾਂ ਮ੍ਰਿਤਕਾ ਦਾ ਪਤੀ ਭਾਜਪਾ ਨੇਤਾ ਦੀਪਕ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਲਗਭਗ 35 ਸਾਲਾ ਸ਼ਵੇਤਾ ਸਿੰਘ ਸੇਵਾਮੁਕਤ ਆਈ. ਪੀ. ਐੱਸ. ਅਧਿਕਾਰੀ ਰਾਜਬਹਾਦੁਰ ਸਿੰਘ ਦੀ ਨੂੰਹ ਹੈ, ਜੋ ਇੰਦਰਾ ਨਗਰ ਮੁਹੱਲੇ ਵਿਚ ਆਪਣੇ ਸਹੁਰੇ ਰਹਿੰਦੀ ਸੀ। ਜਸਪੁਰਾ ਖੇਤਰ ਵਿਚ ਸਥਿਤ ਵਾਰਡ ਨੰਬਰ 13 ਤੋਂ ਭਾਜਪਾ ਦੀ ਜ਼ਿਲਾ ਪੰਚਾਇਤ ਮੈਂਬਰ ਸੀ।

ਪੁਲਸ ਸੁਪਰਡੈਂਟ ਅਭਿਨੰਦਨ ਨੇ ਦੱਸਿਆ ਕਿ ਘਟਨਾ ਦੀ ਸੂਚਨਾ ’ਤੇ ਪੁਲਸ ਅਧਿਕਾਰੀ ਫੀਲਡ ਯੂਨਿਟ ਅਤੇ ਡੌਗ ਸਕੁਆਇਡ ਟੀਮ ਦੇ ਨਾਲ ਮੌਕੇ ’ਤੇ ਪੁੱਜੇ। ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦੀ ਘਟਨਾ ਲੱਗੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਤੀ-ਪਤਨੀ ਵਿਚ ਅਕਸਰ ਵਿਵਾਦ ਹੁੰਦਾ ਸੀ, ਜਿਸ ਦੀ ਵਿਚੋਲਗੀ ਵੀ ਕਈ ਵਾਰ ਦੋਵਾਂ ਧਿਰਾਂ ਦੇ ਲੋਕ ਕਰ ਚੁੱਕੇ ਸਨ। ਬੁੱਧਵਾਰ ਨੂੰ ਵੀ ਅਣਪਛਾਤੇ ਕਾਰਨਾਂ ਕਰ ਕੇ ਪਤੀ-ਪਤਨੀ ਵਿਚ ਵਿਵਾਦ ਹੋਇਆ ਸੀ, ਜਿਸ ਤੋਂ ਦੁਖੀ ਹੋ ਕੇ ਸ਼ਵੇਤਾ ਸਿੰਘ ਨੇ ਇਹ ਕਦਮ ਉਠਾਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਪਤੀ ਮੌਕੇ ’ਤੇ ਮੌਜੂਦ ਨਹੀਂ ਮਿਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੂੰ ਘਟਨਾ ਦੀ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਗਏ ਹਨ।


Rakesh

Content Editor

Related News